
ਮਲੇਰਕੋਟਲਾ, 7 ਮਾਰਚ (ਇਸਮਾਈਲ ਏਸ਼ੀਆ, ਬਲਵਿੰਦਰ ਸਿੰਘ ਭੁੱਲਰ) : ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਚਲਾਏ ਇੱਕੋ ਛੱਤ ਹੇਠਾਂ ਦਰਜਨਾਂ ਸੇਵਾਵਾਂ ਦੇਣ ਵਾਲੇ ਸੇਵਾ ਕੇਂਦਰਾਂ ਨੂੰ ਮੌਜੂਦਾ ਪੰਜਾਬ ਦੀ ਕਾਂਗਰਸ ਸਰਕਾਰ ਦੁਆਰਾ ਗ੍ਰਹਿਣ ਲਗਾਉੇਣ ਦੀਆਂ ਤਿਆਰੀਆਂ ਅਰੰਭ ਦਿਤੀਆਂ ਨਜ਼ਰ ਆ ਰਹੀਆਂ ਹਨ। ਪੰਜਾਬ ਭਰ ਵਿਚ ਕਰੀਬ ਦਸ ਹਜ਼ਾਰ ਦੀ ਆਬਾਦੀ ਪਿੱਛੇ ਬਣਾਏ ਇਕ ਸੇਵਾ ਕੇਂਦਰ ਦੇ ਹਿਸਾਬ ਨਾਲ 2147 ਸੇਵਾ ਕੇਂਦਰਾਂ ਨੂੰ ਉਨ੍ਹਾਂ ਦੇ ਹੁਣ ਤਕ ਦੇ ਕੀਤੇ ਲੇਖੇ-ਜੋਖੇ ਤੋਂ ਬਾਅਦ ਹੁਣ ਸਰਕਾਰ ਨੇ ਪੰਜਾਬ ਭਰ ਵਿਚ ਸਿਰਫ਼ 510 ਸੇਵਾ ਕੇਂਦਰਾਂ ਨੂੰ ਚਲਦਾ ਰੱਖਣ ਦਾ ਵੱਡਾ ਫ਼ੈਸਲਾ ਲਿਆ ਹੈ। ਪੰਜਾਬ ਸਰਕਾਰ ਵਲੋਂ ਵਿੱਤੀ ਸੰਕਟ ਨੂੰ ਘਟਾਉਣ ਨੂੰ ਲੈ ਕੇ ਇਸ ਫ਼ੈਸਲੇ ਨਾਲ ਲਗਭਗ 1637 ਸੇਵਾ ਕੇਂਦਰਾਂ ਦੇ ਵੱਡੀ ਗਿਣਤੀ 'ਚ ਮੁਲਾਜ਼ਮ ਬੇਰੁਜ਼ਗਾਰ ਹੋ ਜਾਣਗੇ। ਪੰਜਾਬ ਭਰ 'ਚ ਨਵੀਂ ਨੀਤੀ ਅਨੁਸਾਰ ਚਲਾਏ ਜਾਣ ਵਾਲੇ ਇਨ੍ਹਾਂ 510 ਸੇਵਾ ਕੇਂਦਰਾਂ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਬਾਰੇ ਸਥਿਤੀ ਅਜੇ ਕਲੀਅਰ ਨਹੀਂ ਹੈ ਕਿ ਉਨ੍ਹਾਂ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ ਜਾਂ ਨਵੇਂ ਪ੍ਰਬੰਧਕ (ਠੇਕੇਦਾਰ) ਅਪਣੇ ਨਵੇਂ ਮੁਲਾਜ਼ਮ ਭਰਤੀ ਕਰਨਗੇ?ਜਾਣਕਾਰੀ ਅਨੁਸਾਰ ਮੌਜੂਦਾ ਸਮੇ ਇਨ੍ਹਾਂ 2147 ਸੇਵਾ ਕੇਂਦਰਾਂ ਨੂੰ ਕਮਾਨ ਦੇਣ ਵਾਲੀ ਬੀ.ਐਲ.ਐਸ. ਕੰਪਨੀ ਦਾ ਠੇਕਾ ਭਾਵੇਂ ਪੰਜ ਸਾਲਾਂ ਲਈ ਸੀ ਪਰ ਹੁਣ ਸਰਕਾਰ ਵਲੋਂ ਇਸ ਕੰਪਨੀ ਨੂੰ ਜੁਲਾਈ ਤਕ ਹੀ ਸਮਾਂ ਦਿਤੇ ਜਾਣ ਬਾਰੇ ਵੀ ਪਤਾ ਚੱਲਿਆ ਹੈ। ਇਸ ਲਈ ਸਰਕਾਰ ਨੇ ਇਨ੍ਹਾਂ ਸੇਵਾ ਕੇਂਦਰਾਂ ਨੂੰ ਅੱਗੇ ਵੀ ਠੇਕੇਦਾਰੀ ਸਿਸਟਮ ਅਧੀਨ ਹੀ ਚਲਾਉਣ ਲਈ ਮਨ ਬਣਾਉਣ ਬਾਰੇ ਪਤਾ ਚਲਿਆ ਹੈ ਤੇ ਇਸ ਲਈ ਨਵੇਂ ਭਾਈਵਾਲਾਂ (ਠੇਕੇਦਾਰ ਕੰਪਨੀਆਂ) ਨੂੰ ਸੱਦਾ ਦਿਤਾ ਗਿਆ ਹੈ।
ਨਵੀਂ ਨੀਤੀ ਅਨੁਸਾਰ ਕਿਸ ਜ਼ਿਲ੍ਹੇ 'ਚ ਕਿੰਨੇ ਕੇਂਦਰ ਹੋਣਗੇ : ਪੰਜਾਬ ਵਿਚ ਮੌਜੂਦਾ ਸਮੇਂ ਸੇਵਾਵਾਂ ਦੇਣ ਵਾਲੇ 2147 ਸੇਵਾ ਕੇਂਦਰਾਂ ਨੂੰ ਬੰਦ ਕਰ ਕੇ 510 ਸੇਵਾ ਕੇਂਦਰਾਂ ਦੇ ਰਹਿ ਜਾਣ 'ਤੇ ਵਿਭਾਗ ਦੀ ਸਾਈਟ 'ਤੇ ਲੋਡ ਕੀਤੀ ਸੂਚੀ ਅਨੁਸਾਰ ਪੰਜਾਬ ਭਰ ਨੂੰ ਤਿੰਨ ਜ਼ੋਨਾਂ ਵਿਚ ਵੰਡਿਆ ਗਿਆ ਹੈ। ਜ਼ੋਨ ਨੰਬਰ ਇਕ ਵਿਚ ਅੱਠ ਜ਼ਿਲ੍ਹੇ ਸ਼ਾਮਲ ਕੀਤੇ ਹਨ ਜਿਨ੍ਹਾਂ ਵਿਚ ਸ੍ਰੀ ਅਮ੍ਰਿਤਸਰ ਸਾਹਿਬ ਵਿਚ ਕੁੱਲ 41 ਸੇਵਾ ਕੇਂਦਰ ਚਲਦੇ ਰਹਿ ਜਾਣਗੇ। ਗੁਰਦਾਸਪੁਰ ਵਿਚ 53, ਹੁਸ਼ਿਆਰਪੁਰ ਵਿਚ 19, ਜਲੰਧਰ ਵਿਚ 34, ਕਪੂਰਥਲਾ ਵਿਚ 20, ਪਠਾਨਕੋਟ ਵਿਚ 11, ਸ਼ਹੀਦ ਭਗਤ ਸਿੰਘ ਨਗਰ ਵਿਚ 14 ਅਤੇ ਤਰਨਤਾਰਨ ਵਿਚ 21 ਸੇਵਾ ਕੇਂਦਰ ਚਲਦੇ ਰਹਿ ਜਾਣਗੇ।ਜ਼ੋਨ ਨੰਬਰ 2 ਵਿਚ ਬਰਨਾਲਾ ਵਿਚ 9, ਫਤਿਹਗੜ੍ਹ ਸਾਹਿਬ ਵਿਚ 14, ਲੁਧਿਆਣਾ ਵਿਚ 38, ਪਟਿਆਲਾ ਵਿਚ 40, ਰੂਪਨਗਰ ਵਿਚ 22, ਐਸ.ਏ.ਐਸ ਨਗਰ ਵਿਚ 17 ਅਤੇ ਸੰਗਰੂਰ ਵਿਚ 30 ਸੇਵਾ ਕੇਂਦਰ ਚਲਦੇ ਰੱਖੇ ਜਾਣੇ ਹਨ। ਜ਼ੋਨ ਨੰਬਰ 3 ਵਿਚੋਂ ਬਠਿੰਡਾ ਵਿਚ 32, ਫ਼ਰੀਦਕੋਟ ਵਿਚ 13, ਫ਼ਾਜ਼ਿਲਕਾ ਵਿਚ 18, ਫ਼ਿਰੋਜ਼ਪੁਰ ਵਿਚ 23, ਮਾਨਸਾ ਵਿਚ 13, ਮੋਗਾ ਵਿਚ 13 ਅਤੇ ਮੁਕਤਸਰ ਵਿਚ 15 ਸੇਵਾ ਕੇਂਦਰ ਚਲਦੇ ਰੱਖੇ ਜਾਣੇ ਹਨ। ਇਨ੍ਹਾਂ 510 ਸੇਵਾ ਕੇਂਦਰਾਂ ਵਿਚ ਟਾਈਪ 1 ਜਿਹੜੇ ਜ਼ਿਲ੍ਹਾ ਕੰਪਲੈਕਸ ਵਿਚ ਹਨ 22 ਕੇਂਦਰ, ਟਾਈਪ-2 ਜਿਹੜੇ ਸ਼ਹਿਰਾਂ ਵਿਚ ਹਨ 239 ਅਤੇ ਟਾਈਪ-3 ਜਿਹੜੇ ਪਿੰਡਾਂ ਵਿਚ ਹਨ 249 ਸੇਵਾ ਕੇਂਦਰ ਰੱਖੇ ਗਏ ਹਨ।