
ਚੰਡੀਗੜ੍ਹ, 20 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੂੰ ਨੈਤਿਕ ਆਧਾਰ 'ਤੇ ਤੁਰਤ ਅਪਣਾ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਉਨ੍ਹਾਂ ਦਾ ਲਗਾਤਾਰ ਇਹੋ ਸਟੈਂਡ ਰਿਹਾ ਹੈ।
ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ. ਬਾਦਲ ਨੇ ਕਿਹਾ,''ਇਕ ਨਵੰਬਰ ਨੂੰ ਜਦੋਂ ਫ਼ਾਜ਼ਿਲਕਾ ਕੋਰਟ ਵਲੋਂ ਪਾਕਿਸਤਾਨੀ ਤਾਰਾਂ ਵਾਲੇ ਇਕ ਕੌਮਾਂਤਰੀ ਨਸਾ ਤਸਕਰੀ ਦੇ ਕੇਸ ਵਿਚ ਸੁਖਪਾਲ ਖਹਿਰਾ ਨੂੰ ਤਲਬ ਕੀਤਾ ਗਿਆ ਸੀ ਤਾਂ ਮੈਂ ਪਹਿਲਾ ਵਿਅਕਤੀ ਸੀ ਜਿਸ ਨੇ ਉਸ ਨੂੰ ਤੁਰਤ ਅਸਤੀਫ਼ਾ ਦੇਣ ਲਈ ਕਿਹਾ ਸੀ। ਮੈਂ ਇਹ ਮੰਗ ਪਾਰਟੀ ਦੇ ਮੁੱਖ ਦਫ਼ਤਰ ਵਿਚ ਪੱਤਰਕਾਰਾਂ ਅੱਗੇ ਉਠਾਈ
ਸੀ। ਇਹ ਸੱਭ ਰੀਕਾਰਡ ਉਤੇ ਮੌਜੂਦ ਹੈ।'' ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਖਹਿਰਾ ਦੇ ਅਸਤੀਫ਼ੇ ਦੀ ਮੰਗ ਪੰਜਾਬ ਦੇ ਲੋਕਾਂ ਅਤੇ ਖਹਿਰਾ ਦੇ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਉਠਾਈ ਸੀ, ਕਿਉਂਕਿ ਇਹ ਪਹਿਲੀ ਵਾਰ ਹੋਇਆ ਸੀ ਕਿ ਪੰਜਾਬ ਵਿਚ ਵਿਰੋਧੀ ਧਿਰ ਦਾ ਆਗੂ ਨਸ਼ਾ ਤਸਕਰੀ ਅਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਉਸ ਨੂੰ ਇਸ ਰੈਕਟ ਦਾ ਸਰਗਨਾ ਕਰਾਰ ਦਿਤਾ ਗਿਆ ਸੀ। ਉਨ੍ਹਾਂ ਕਿਹਾ,''ਮੈਂ ਤਾਂ ਇਥੋਂ ਤਕ ਕਿਹਾ ਸੀ ਕਿ ਮੌਜੂਦਾ ਸਬੂਤ ਇਹ ਸੰਕੇਤ ਕਰਦੇ ਹਨ ਕਿ ਖਹਿਰਾ ਦੀ ਉਸ ਦੋਸ਼ੀ ਨਾਲ ਸਾਂਝੇਦਾਰੀ ਸੀ ਜਿਸ ਨੂੰ ਇਸ ਮਾਮਲੇ ਵਿਚ 20 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।''