
ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਛੇ ਹਫ਼ਤਿਆਂ ਅੰਦਰ ਜਵਾਬ ਦੇਣ ਲਈ ਕਿਹਾ
ਚੰਡੀਗੜ੍ਹ, 19 ਜਨਵਰੀ, (ਨੀਲ ਭਲਿੰਦਰ ਸਿਂੰਘ) ਅੱਜ ਸੁਪਰੀਮ ਕੋਰਟ ਨੇ ਪੰਜਾਬ ਵਿਧਾਨ ਸਭਾ 'ਚ ਨੇਤਾ ਵਿਰੋਧੀ ਧਿਰ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿਂੰਘ ਖਹਿਰਾ ਵਿਰੁਧ ਸੰਮਣ ਮਾਮਲੇ 'ਚ ਪੰਜਾਬ ਸਰਕਾਰ ਨੂੰ ਛੇ ਹਫ਼ਤਿਆਂ ਦੇ ਅੰਦਰ-ਅੰਦਰ ਜਵਾਬ ਦਾਇਰ ਕਰਨ ਲਈ ਕਿਹਾ ਹੈ। ਖਹਿਰਾ ਨੇ ਫ਼ਾਜ਼ਿਲਕਾ ਅਦਾਲਤ ਵਲੋਂ ਢਾਈ ਸਾਲ ਪੁਰਾਣੇ ਨਸ਼ਾ ਕੇਸ ਤਹਿਤ ਉਨ੍ਹਾਂ ਵਿਰੁਧ ਜਾਰੀ ਕੀਤੇ ਗਏ ਸੰਮਨ ਵਿਰੁਧ ਸਰਵਉਚ ਅਦਾਲਤ 'ਚ ਇਹ ਪਟੀਸ਼ਨ ਦਾਇਰ ਕੀਤੀ ਹੋਈ ਹੈ।
ਖਹਿਰਾ ਨੂੰ ਜਾਰੀ ਕੀਤੇ ਗਏ ਇਨ੍ਹਾਂ ਸੰਮਨ ਤੇ ਜਸਟਿਸ ਐਨਵੀ ਰਮਨ ਦੀ ਅਗਵਈ ਵਾਲੇ ਸੁਪਰੀਮ ਕੋਰਟ ਬੈਂਚ ਵਲੋਂ ਪਿਛਲੇ ਸਾਲ ਇਕ ਦਸੰਬਰ ਨੂੰ ਰੋਕ ਲਗਾ ਦਿਤੀ ਸੀ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਸੁਪਰੀਮ ਕੋਰਟ ਅੱਜ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਵਾਬ ਦਾਇਰ ਕਰਨ ਤੋਂ ਦੋ ਹਫ਼ਤੇ ਤਕ ਸੁਖਪਾਲ ਸਿਂੰਘ ਖਹਿਰਾ ਵੀ ਅਪਣਾ ਜਵਾਬ (ਰੀ-ਜੁਆਇੰਡਰ) ਦੇਣਗੇ।
ਕਾਬਲੇਜ਼ਿਕਰ ਹੈ ਕਿ ਕਰੀਬ ਢਾਈ ਸਾਲ ਪੁਰਾਣੇ ਇਕ ਹੈਰੋਇਨ ਤਸਕਰੀ ਕੇਸ ਵਿਚ ਸੁਖਪਾਲ ਸਿਂੰਘ ਖਹਿਰਾ ਵਿਰੁਧ ਫ਼ਾਜ਼ਿਲਕਾ ਅਦਾਲਤ ਨੇ ਸੰਮਨ ਅਤੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਸਮਨ ਜਾਰੀ ਹੋਣ ਤੋਂ ਬਾਅਦ ਖਹਿਰਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਸ ਉਤੇ ਰੋਕ ਲਗਾਉਣ ਲਈ ਪਟੀਸ਼ਨ ਦਾਇਰ ਕੀਤੀ ਸੀ। ਪਰ ਹਾਈ ਕੋਰਟ ਨੇ ਪਟੀਸ਼ਨ ਨੂੰ ਖ਼ਾਰਿਜ ਕਰ ਦਿਤਾ ਸੀ। ਇਸ ਮਾਮਲੇ ਨੂੰ ਰਾਜਨੀਤੀ ਵਲੋਂ ਪ੍ਰੇਰਤ ਦਸਦਿਆਂ ਖਹਿਰਾ ਨੇ ਪਟੀਸ਼ਨ ਵਿਚ ਇਹ ਇਲਜ਼ਾਮ ਵੀ ਲਗਾਇਆ ਹੈ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਵਿਰੁਧ ਝੂਠੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਲਿਹਾਜ਼ਾ ਮੌਜੂਦਾ ਮਾਮਲਾ ਰੱਦ ਕੀਤਾ ਜਾਵੇ।