
ਚੰਡੀਗੜ੍ਹ,
7 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਮਕਬੂਲ ਸ਼ਾਇਰ ਅਤੇ ਸਾਹਿਤਕ ਜਗਤ ਦੀ ਉਚ ਕੋਟੀ
ਦੀ ਸਖਸ਼ੀਅਤ ਡਾ.ਸੁਰਜੀਤ ਪਾਤਰ ਨੇ ਅੱਜ ਸੈਰ ਸਪਾਟਾ ਤੇ ਸਭਿਆਚਾਰ ਮਾਮਲਿਆਂ ਬਾਰੇ ਮੰਤਰੀ
ਸ. ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿਚ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਦਾ ਅਹੁਦਾ
ਸੰਭਾਲ ਲਿਆ। ਡਾ. ਨੀਲਮ ਮਾਨ ਸਿੰਘ ਨੇ ਪ੍ਰੀਸ਼ਦ ਦੇ ਸੀਨੀਅਰ ਵਾਈਸ ਚੇਅਰਪਰਸਨ ਵਜੋਂ ਵੀ
ਅਹੁਦਾ ਸੰਭਾਲ ਲਿਆ।
ਇਥੇ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਵਿਖੇ ਹੋਏ ਸਾਦੇ ਤੇ
ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਭਾਰਤ
ਭੂਸ਼ਣ ਆਸ਼ੂ, ਸ. ਬਲਬੀਰ ਸਿੰਘ ਸਿੱਧੂ, ਡਾ.ਰਾਜ ਕੁਮਾਰ ਵੇਰਕਾ, ਸ. ਪਰਮਿੰਦਰ ਸਿੰਘ
ਪਿੰਕੀ, ਸ. ਪਰਗਟ ਸਿੰਘ, ਸ. ਕੁਲਬੀਰ ਸਿੰਘ ਜ਼ੀਰਾ, ਅਮਿਤ ਵਿੱਜ ਤੇ ਸੰਜੀਵ ਤਲਵਾੜ (ਸਾਰੇ
ਵਿਧਾਇਕ) ਤੇ ਸੈਰ ਸਪਾਟਾ ਤੇ ਸਭਿਆਚਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪਾਲ ਸਿੰਘ ਵੀ
ਹਾਜ਼ਰ ਹੋਏ। ਮੀਡੀਆ ਨਾਲ ਗੱਲਬਾਤ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਲਈ
ਇਤਿਹਾਸਕ ਦਿਨ ਹੈ ਜਦੋਂ ਸਾਹਿਤ, ਸਭਿਆਚਾਰ, ਮਾਂ ਬੋਲੀ ਤੇ ਵਿਰਸੇ ਦੀ ਸਾਂਭ ਸੰਭਾਲ ਲਈ
ਕੰਮ ਕਰਦੀ ਸੰਸਥਾ ਪੰਜਾਬ ਕਲਾ ਪ੍ਰੀਸ਼ਦ ਦੀ ਅਗਵਾਈ ਪੰਜਾਬੀ ਸਾਹਿਤ ਦੀ ਉੱਚ ਕੋਟੀ ਦੀ
ਸ਼ਖ਼ਸੀਅਤ ਡਾ.ਸੁਰਜੀਤ ਪਾਤਰ ਨੇ ਸੰਭਾਲੀ ਹੈ। ਉਨ੍ਹਾਂ ਕਿਹਾ ਕਿ ਇਹ ਇਸ ਸੰਸਥਾ ਅਤੇ ਪੰਜਾਬ
ਸਰਕਾਰ ਲਈ ਮਾਣ ਵਾਲੀ ਗੱਲ ਹੈ ਕਿ ਡਾ.ਪਾਤਰ ਜਿਹੀ ਅਜੋਕੇ ਦੌਰ ਦੀ ਸਿਰਮੌਰ ਸਾਹਿਤਕ
ਹਸਤੀ ਨੇ ਇਸ ਸੰਸਥਾ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਨਿਭਾਉਣ ਦੀ ਪੇਸ਼ਕਸ਼ ਨੂੰ ਕਬੂਲਿਆ।
ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਹਿ ਦਿਲੋਂ ਧਨਵਾਦੀ ਹਨ
ਜਿਨ੍ਹਾਂ ਡਾ.ਸੁਰਜੀਤ ਪਾਤਰ ਦੀ ਨਾਮਜ਼ਦਗੀ ਕਰ ਕੇ ਪੰਜਾਬ ਦੇ ਸਭਿਆਚਾਰ ਨੂੰ ਨਵੀਂ ਦਿਸ਼ਾ
ਦਿਤੀ ਹੈ।
ਸਿੱਧੂ ਨੇ ਵਿਸ਼ਵਾਸ ਪ੍ਰਗਟਾਇਆ ਕਿ ਡਾ. ਪਾਤਰ ਦੀ ਅਗਵਾਈ ਵਿਚ ਸੂਬੇ ਵਿਚ
ਸੱਭਿਆਚਾਰਕ ਪਾਰਲੀਮੈਂਟ ਬਣਾ ਕੇ ਨੌਜਵਾਨਾਂ ਲਈ ਅਜਿਹੀ ਲੋਕ ਲਹਿਰ ਉਸਾਰੀ ਜਾਵੇਗੀ ਜਿਸ
ਨਾਲ ਆਉਣ ਵਾਲੀ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਤੇ ਸਭਿਆਚਾਰ ਨਾਲ ਜੋੜਿਆ ਜਾਵੇਗਾ।
ਇਸ ਮੌਕੇ ਬੋਲਦਿਆਂ ਡਾ.ਸੁਰਜੀਤ ਪਾਤਰ ਨੇ ਪੰਜਾਬ ਸਰਕਾਰ ਵਲੋਂ ਦਿਤੇ ਇਸ ਮਾਣ ਲਈ ਧਨਵਾਦ
ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ
ਅਤੇ ਪੰਜਾਬੀ ਮਾਂ ਬੋਲੀ, ਸਾਹਿਤ, ਸਭਿਆਚਾਰ ਤੇ ਅਮੀਰ ਵਿਰਸੇ ਦੀ ਪ੍ਰਫੁੱਲਤ ਕਰਨ ਨੂੰ
ਮੁੱਖ ਤਰਜੀਹ ਦੇਣਗੇ। ਇਸ ਤੋਂ ਪਹਿਲਾਂ ਅੱਜ ਪੰਜਾਬ ਕਲਾ ਭਵਨ ਵਿਖੇ ਪੰਜਾਬ ਕਲਾ ਪ੍ਰੀਸ਼ਦ
ਦੀ ਜਨਰਲ ਕੌਂਸਲ ਦੀ ਮੀਟਿੰਗ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪਾਲ ਸਿੰਘ ਦੀ ਪ੍ਰਧਾਨਗੀ
ਹੇਠ ਹੋਈ। ਮੀਟਿੰਗ ਦੀ ਕਾਰਵਾਈ ਸਕੱਤਰ ਜਨਰਲ ਸ੍ਰੀ ਲਖਵਿੰਦਰ ਜੌਹਲ ਨੇ ਚਲਾਈ। ਮੀਟਿੰਗ
ਵਿਚ ਸਰਬਸੰਮਤੀ ਨਾਲ ਡਾ.ਸੁਰਜੀਤ ਪਾਤਰ ਨੂੰ ਚੇਅਰਮੈਨ ਅਤੇ ਡਾ.ਨੀਲਮ ਮਾਨ ਸਿੰਘ ਨੂੰ
ਸਰਬਸੰਮਤੀ ਨਾਲ ਸੀਨੀਅਰ ਵਾਈਸ ਚੇਅਰਮੈਨ ਵਜੋਂ ਚੁਣਿਆ ਗਿਆ।