
ਅੰਮ੍ਰਿਤਸਰ, 7 ਫਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਸਿੱਖ ਦੰਗਿਆਂ ਦੇ ਦੋਸ਼ੀ ਜਗਦੀਸ਼ ਸਿੰਘ ਟਾਈਟਲਰ ਸਮੇਤ ਜੋ ਵੀ ਗੁਨਾਹਗਾਰ ਹੈ, ਉਸ ਨੂੰ ਚੌਕ 'ਚ ਫਾਂਸੀ ਤੇ ਟੰਗ ਦੇਣਾ ਚਾਹੀਦਾ ਹੈ, ਨਿਆਂ ਕਰਨ ਸਮੇਂ ਕਿਸੇ ਦਾ ਕੋਈ ਲਿਹਾਜ ਨਹੀਂ ਕਰਨਾ ਚਾਹੀਦਾ। ਭਾਰਤ ਦੇ ਸੰਵਿਧਾਨ 'ਚ ਕੋਈ ਵੀ ਵਿਤਕਰਾ ਜਾਤ-ਪਾਤ, ਨਸਲ ਦੇ ਅਧਾਰਤ ਨਹੀਂ ਹੈ। ਇਹ ਜਿਕਰਯੋਗ ਹੈ ਕਿ ਜਗਦੀਸ਼ ਟਾਈਟਲਰ ਕਾਂਗਰਸ ਆਗੂ ਹੈ, ਜਿਸ ਨੂੰ ਪਾਰਟੀ ਲੰਬੇ ਸਮੇਂ ਤੋਂ ਬਚਾਉਦੀ ਆ ਰਹੀ ਹੈ, ਨਵਜੋਤ ਸਿੰਘ ਸਿੱਧੂ ਜੋ ਕਾਂਗਰਸ ਦਾ ਪੰਜਾਬ ਵਿਚ ਮੰਤਰੀ ਤੇ ਪਹਿਲਾਂ ਆਗੂ ਹੈ, ਜੋ ਇਹ ਆਖ ਰਿਹਾ ਹੈ ਕਿ ਜਗਦੀਸ਼ ਟਾਈਟਲਰ ਜੇਕਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਚੁਰਾਹੇ 'ਚ ਟੰਗ ਦੇਣਾ ਚਾਹੀਦਾ ਹੈ। ਇਸ ਦੌਰਾਨ ਹੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੁਭਾਅ ਮੁਤਾਬਕ ਸਾਬਕਾ ਉਪ
ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਉਸ ਨੇ ਕਾਂਗਰਸ ਸਰਕਾਰ ਦੀ ਕੀ ਪੋਲ ਖੋਲ ਖੋਲਣੀ ਹੈ ਜੋ ਸਤ੍ਹਾ ਵਿਚ ਆਈ ਨੂੰ, ਕੇਵਲ 10 ਮਹੀਨੇ ਹੀ ਹੋਏ ਹਨ। ਬਾਦਲਾਂ ਦਾ ਆਪਣਾ ਹੀ ਢੋਲ ਪਾਟਾ ਹੋਇਆ ਹੈ। ਆਮ ਆਦਮੀ ਪਾਰਟੀ ਵੱਲੋ ਗੈਰ ਕਾਨੂੰਨੀ ਮਾਈਨਿੰਗ ਕਰਨ ਤੇ ਕਾਂਗਰਸੀ ਵਿਧਾਇਕਾਂ ਖਿਲਾਫ ਲਾਏ ਦੋਸ਼ਾਂ ਬਾਰੇ ਸ੍ਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਰੇਤ ਮਾਫੀਆ ਗਿਰੋਹ ਖਿਲਾਫ ਸ਼ਿਕੰਜਾ ਕੱਸ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਜੇਕਰ ਕਰਾਚੀ, ਮੁੰਬਈ ਬੰਦਰਗਾਹ ਰਾਹੀ ਹਿੰਦ-ਪਾਕਿ ਆਵਾਜਾਈ ਸੰਭਵ ਹੈ ਤਾਂ ਅਟਾਰੀ ਵਾਹਘਾ ਸਰਹੱਦ ਰਸਤੇ ਵੀ ਹੋਣੀ ਚਾਹੀਦੀ ਹੈ। ਲੁਧਿਆਣਾ ਦੀਆਂ ਨਿਗਮ ਚੋਣਾਂ 'ਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਥੋ ਵੀ ਕਾਂਗਰਸ ਹੂੰਝਾ ਫੇਰ ਜਿੱਤ ਦਰਜ਼ ਕਰੇਗੀ।