ਚਾਂਦੀ ਦੇ ਭਾਂਡੇ ਚੋਰੀ ਕਰ ਕੇ ਲੈ ਗਏ ਚੋਰ, 42 ਲੱਖ ਰੁਪਏ ਦੱਸੀ ਜਾ ਰਹੀ ਭਾਂਡਿਆਂ ਦੀ ਕੀਮਤ
ਫਰਾਂਸ : ਫਰਾਂਸ ਵਿਚ ਚੋਰੀ ਦੀ ਇਕ ਵੱਡੀ ਘਟਨਾ ਵਾਪਰੀ ਐ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹੈ। ਦਰਅਸਲ ਇਹ ਚੋਰੀ ਕਿਸੇ ਆਮ ਘਰ ਵਿਚ ਨਹੀਂ ਬਲਕਿ ਰਾਸ਼ਟਰਪਤੀ ਭਵਨ ਵਿਚ ਹੋਈ ਐ,, ਉਹ ਵੀ ਦਿਨ ਦਿਹਾੜੇ। ਇਹ ਏਲੀਜ਼ੀ ਪੈਲੇਸ ਵਜੋਂ ਜਾਣਿਆ ਜਾਂਦਾ ਇਹ ਭਵਨ ਰਾਸ਼ਟਰਪਤੀ ਇਮੈਨੁਅਨ ਮੈਕਰੋਂ ਦਾ ਸਰਕਾਰੀ ਨਿਵਾਸ ਐ, ਜਿੱਥੋਂ ਚੋਰਾਂ ਨੇ ਚਾਂਦੀ ਦੇ ਭਾਂਡੇ ਚੋਰੀ ਕਰ ਲਏ, ਜਿਨ੍ਹਾਂ ਦੀ ਕੀਮਤ 42 ਲੱਖ ਰੁਪਏ ਦੱਸੀ ਜਾ ਰਹੀ ਐ।
ਇਕ ਰਿਪੋਰਟ ਮੁਤਾਬਕ ਜਦੋਂ ਏਲੀਜ਼ੀ ਪੈਲੇਸ ਦੇ ਮੁੱਖ ਪ੍ਰਬੰਧ ਨੇ ਪੁਲਿਸ ਨੂੰ ਚੋਰੀ ਹੋਏ ਸਮਾਨ ਦੀ ਸੂਚਨਾ ਦਿੱਤੀ ਤਾਂ ਪੁਲਿਸ ਨੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਅਨੁਮਾਨ ਲਗਾਇਆ ਜਾ ਰਿਹਾ ਏ ਕਿ ਰਾਸ਼ਟਰਪਤੀ ਭਵਨ ’ਚੋਂ 40-42 ਲੱਖ ਦੇ ਕਰੀਬ ਦਾ ਸਮਾਨ ਚੋਰੀ ਹੋਇਆ ਏ। ਜਾਂਚ ਕਰਤਾਵਾਂ ਨੇ ਜਦੋਂ ਸਟਾਫ਼ ਕੋਲੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਇਕ ਪ੍ਰਬੰਧਕ ’ਤੇ ਸ਼ੱਕ ਹੋਇਆ। ਇਨਵੈਂਟਰੀ ਰਿਕਾਰਡ ਚੈੱਕ ਕਰਨ ’ਤੇ ਪਤਾ ਚੱਲਿਆ ਕਿ ਉਹ ਭਵਿੱਖ ਵਿਚ ਚੋਰੀ ਕਰਨ ਦੀ ਯੋਜਨਾ ਬਣਾ ਰਿਹਾ ਸੀ। ਸ਼ੁਰੂਆਤੀ ਜਾਂਚ ਵਿਚ ਇਹ ਵੀ ਪਤਾ ਚੱਲਿਆ ਕਿ ਚੋਰੀ ਹੋਇਆ ਸਮਾਨ ਆਨਲਾਈਨ ਵੈਬਸਾਈਟ ’ਤੇ ਨਿਲਾਮੀ ਲਈ ਲੱਗਿਆ ਹੋਇਆ ਸੀ, ਇਸ ਦਾ ਪਤਾ ਸੇਵਰੇਸ ਮੈਨੂਫੈਕਚਰਿੰਗ ਕੰਪਨੀ ਤੋਂ ਚੱਲਿਆ, ਜਿਸ ਵੱਲੋਂ ਜ਼ਿਆਦਾਤਰ ਭਾਂਡਿਆਂ ਅਤੇ ਟੇਬਲ ਸੈੱਟ ਦੀ ਸਪਲਾਈ ਕੀਤੀ ਗਈ ਸੀ।
ਮਾਮਲੇ ਦੇ ਤਾਰ ਪ੍ਰਬੰਧਕ ਨਾਲ ਜਾ ਕੇ ਜੁੜੇ, ਜਿਸ ਦਾ ਨਾਮ ਥਾਮਸ ਐ। ਪਤਾ ਚੱਲਿਆ ਏ ਕਿ ਊੁਹ ਇਕ ਆਨਲਾਈਨ ਵਿਕਰੀ ਵਿਚ ਮੁਹਾਰਤ ਰੱਖਣ ਵਾਲੀ ਕੰਪਨੀ ਦੇ ਸੰਪਰਕ ਵਿਚ ਸੀ। ਉਹ ਆਨਲਾਈਨ ਸੇਵਰੇਸ ਮੈਨੁਫੈਕਚਰਿੰਗ ਐਸ਼ਟਰੇਅ ਅਤੇ ਇਕ ‘ਫ੍ਰੈਂਚ ਏਅਰ ਫੋਰਸ’ ਲਿਖੀ ਹੋਈ ਨੰਬਰ ਪਲੇਟ ਵੇਚਣ ਦੀ ਕੋਸ਼ਿਸ਼ ਵਿਚ ਸੀ ਜੋ ਆਮ ਜਨਤਾ ਲਈ ਉਪਲਬਧ ਨਹੀਂ ਐ। ਸ਼ੱਕ ਪੁਖ਼ਤਾ ਹੋਣ ’ਤੇ ਥਾਮਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਉਸ ਦੇ ਨਾਲ ਦੋ ਹੋਰ ਲੋਕਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ, ਜਿਨ੍ਹਾਂ ਨੂੰ ਚਾਂਦੀ ਦੇ ਪੁਰਾਣੇ ਬਰਤਨ ਇਕੱਠੇ ਕਰਨ ਦਾ ਸ਼ੌਕ ਐ। ਇਸ ਦੌਰਾਨ ਥਾਮਸ ਦੇ ਲਾਕਰ, ਗੱਡੀ ਅਤੇ ਉਸ ਦੇ ਘਰ ਤੋਂ ਲਗਭਗ 100 ਵਸਤੂਆਂ ਬਰਾਮਦ ਹੋਈਆਂ।
ਦੱਸ ਦਈਏ ਕਿ ਪੁਲਿਸ ਵੱਲੋਂ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮਾਮਲੇ ਦੀ ਸੁਣਵਾਈ 26 ਫਰਵਰੀ ਤੱਕ ਮੁਲਤਵੀ ਕਰ ਦਿੱਤੀ, ਜਿਸ ਤੋਂ ਬਾਅਦ ਹੁਣ ਮੁਲਜ਼ਮਾਂ ਨੂੰ ਨਿਆਂਇਕ ਨਿਗਰਾਨੀ ਵਿਚ ਰੱਖਿਆ ਗਿਆ ਏ। ਚੋਰੀ ਦੇ ਇਸ ਜ਼ੁਰਮ ਵਿਚ ਉਨ੍ਹਾਂ ਨੂੰ 10 ਸਾਲ ਤੱਕ ਦੀ ਕੈਦ ਅਤੇ ਡੇਢ ਲੱਖ ਯੂਰੋ ਦਾ ਜੁਰਮਾਨਾ ਹੋ ਸਕਦੈ।
