
ਨਵੀਂ ਦਿੱਲੀ, 10 ਫ਼ਰਵਰੀ (ਅਮਨਦੀਪ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਥਾਣਾ ਨਾਰਥ ਐਵੇਨਿਊ ਵਿਖੇ ਸ਼ਿਕਾਇਤ ਦੇ ਕੇ, ਜਗਦੀਸ਼ ਟਾਈਟਲਰ ਦਾ ਪਾਸਪੋਰਟ ਜ਼ਬਤ ਕਰਨ ਦੀ ਮੰਗ ਕੀਤੀ ਹੈ।ਉਨਾਂ੍ਹ ਦਸਿਆ ਕਿ ਨਿੱਤ ਨਵੇਂ ਪ੍ਰਗਟਾਵੇ ਹੋਣ ਪਿਛੋਂ 1984 ਦੇ ਮਾਮਲੇ ਵਿਚ ਟਾਈਟਲਰ 'ਤੇ ਕਾਨੂੰਨੀ ਸ਼ਿਕੰਜਾ ਕਸਦਾ ਜਾ ਰਿਹਾ ਹੈ। ਸਾਨੂੰ ਖ਼ਦਸ਼ਾ ਹੈ ਕਿ ਉਹ ਦੇਸ਼ ਛੱਡ ਕੇ ਫ਼ਰਾਰ ਹੋ ਸਕਦਾ ਹੈ। ਉਨ੍ਹਾਂ ਦਸਿਆ ਕਿ ਇਸ ਸ਼ਿਕਾਇਤ ਦੀਆਂ ਕਾਪੀਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਵਿਦੇਸ਼ ਮੰਥਰਾਲੇ, ਸੀਬੀਆਈ ਡਾਇਰੈਕਟਰ, ਐਸ.ਆਈ.ਟੀ. ਦੇ ਚੇਅਰਮੈਨ ਜਸਟਿਸ ਐਸ.ਐਨ.ਢੀਂਗਰਾ ਤੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਭੇਜ
ਦਿਤੀਆਂ ਗਈਆਂ ਹਨ। ਸ. ਜੀ.ਕੇ. ਨੇ ਦਸਿਆ ਕਿ ਟਾਈਟਲਰ ਵਲੋਂ ਕਾਪਸਹੇੜਾ ਥਾਣੇ ਵਿਚ ਉਨ੍ਹਾਂ ਵਿਰੁਧ ਦਿਤੀ ਗਈ ਸ਼ਿਕਾਇਤ ਦੇ ਲੈੱਟਰ ਹੈਡ 'ਤੇ ਰਾਸ਼ਟਰੀ ਚਿੰਨ੍ਹ ਛਾਪਣ ਦੀ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤਰ੍ਹਾਂ ਟਾਈਟਲਰ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਸ਼ਟਰੀ ਚਿੰਨ੍ਹ ਦੀ ਵਰਤੋਂ ਬਾਰੇ ਧਾਰਾ 10 ਮੁਤਾਬਕ ਕੋਈ ਵੀ ਸਾਬਕਾ ਵਿਧਾਇਕ ਤੇ ਹੋਰ ਸੰਵਿਧਾਨਕ ਅਹੁਦਿਆਂ 'ਤੇ ਰਹਿ ਚੁਕਿਐ, ਇਸ ਤਰ੍ਹਾਂ ਰਾਸ਼ਟਰੀ ਚਿੰਨ੍ਹ ਨਹੀਂ ਛਾਪ ਸਕਦਾ। ਇਸ ਲਈ 2 ਸਾਲ ਦੀ ਕੈਦ ਜਾਂ ਪੰਜ ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ।