
ਨਵੀਂ ਦਿੱਲੀ, 27 ਫ਼ਰਵਰੀ (ਅਮਨਦੀਪ ਸਿੰਘ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੇ ਦੀ ਵਿਵਾਦਾਂ ਵਿਚ ਘਿਰੀ ਭਾਰਤ ਫੇਰੀ ਬਾਰੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਵਲੋਂ ਮੋਦੀ ਸਰਕਾਰ ਤੇ ਖ਼ੁਫ਼ੀਆ ਏਜੰਸੀਆਂ ਦੀ ਕੀਤੀ ਗਈ ਤਿੱਖੀ ਨੁਕਤਾਚੀਨੀ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਬਾਦਲ ਹਾਈਕਮਾਨ ਦਾ ਮੋਦੀ ਸਰਕਾਰ ਨੂੰ 'ਬਲੈਕ ਮੇਲ' ਕਰਨ ਦਾ ਏਜੰਡਾ ਦਸਿਆ ਹੈ।ਉਨ੍ਹਾਂ ਕਿਹਾ ਕਿ ਜੇ ਸਿੱਖ ਮਸਲਿਆਂ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਸਲ ਵਿਚ ਵਫ਼ਾਦਾਰ ਹੈ ਤਾਂ ਉਸਨੂੰ ਤੁਰਤ ਭਾਜਪਾ ਨਾਲੋਂ ਤੋੜ ਵਿਛੋੜਾ ਕਰਨ ਦਾ ਐਲਾਨ ਕਰ ਦੇਣਾ ਚਾਹੀਦਾ ਹੈ ਤੇ ਆਪਣੇ ਐਮ.ਪੀਆਂ ਆਦਿ ਤੋਂ ਅਸਤੀਫ਼ੇ ਦੁਆ ਦੇਣੇ ਚਾਹੀਦੇ ਹਨ।ਉਨ੍ਹਾਂ ਦਾਅਵਾ ਕੀਤਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ 'ਤੇ ਹੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਟਰੂਡੋ ਨੂੰ ਲੈ ਕੇ, ਮੋਦੀ ਸਰਕਾਰ ਨੂੰ ਅੱਖਾਂ ਵਿਖਾ ਰਹੇ ਹਨ ਤਾਕਿ ਭਵਿੱਖ ਵਿਚ ਬਾਦਲ ਆਪਣੇ ਮੁਫ਼ਾਦ ਪੂਰੇ ਕਰ ਸਕਣ।
ਉਨ੍ਹਾਂ ਕਿਹਾ, “ਜਿਸ ਦਿਨ ਮੋਦੀ ਸਰਕਾਰ ਨੇ ਬਾਦਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਘਪਲਿਆਂ ਦੀ ਪੜਤਾਲ ਕਰਨ ਦਾ ਫ਼ੈਸਲਾ ਲੈ ਲਿਆ, ਉਸੇ ਦਿਨ ਤੱਤੇ ਤੱਤੇ ਬਿਆਨ ਦੇਣ ਵਾਲੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸਣੇ ਬਾਦਲ ਹਾਈਕਮਾਨ ਮੋਦੀ ਸਰਕਾਰ ਪ੍ਰਤੀ ਇਕਦਮ ਠੰਢੀ ਹੋ ਜਾਵੇਗੀ''ਸ.ਹਰਵਿੰਦਰ ਸਿੰਘ ਸਰਨਾ ਨੇ ਇਹ ਵੀ ਦਾਅਵਾ ਕੀਤਾ ਕਿ ਸਿੱਖ ਕਤਲੇਆਮ ਦੇ ਮਾਮਲੇ ਵਿਚ ਜਗਦੀਸ਼ ਟਾਈਟਲਰ ਨੂੰ ਜੇਲ ਭੇਜਣ ਬਾਰੇ ਸ.ਮਨਜੀਤ ਸਿੰਘ ਜੀ.ਕੇ. ਨੇ ਪਿਛਲੇ ਦਿਨੀਂ ਜੋ ਵਾਅਦੇ ਤੇ ਦਾਅਵੇ ਕੀਤੇ ਸਨ, ਉਹ ਪੂਰੇ ਨਹੀਂ ਹੋਏ ਇਸ ਲਈ ਇਹ ਮੋਦੀ ਸਰਕਾਰ ਨੂੰ ਟਰੂਡੋ ਮਸਲੇ 'ਤੇ ਘੇਰ ਕੇ, ਅਸਲ ਮੁੱਦਿਆਂ 'ਤੇ ਘੱਟਾ ਪਾ ਰਹੇ ਹਨ।ਉਨ੍ਹਾਂ ਕਿਹਾ, “ ਬਾਦਲ ਦਲ ਜਦੋਂ ਸਿੱਖਾਂ ਦੀ ਭਲਾਈ ਦਾ ਮਸਲਾ ਛੇੜਨ, ਉਦੋਂ ਸਿੱੱਖਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਕਿਉਂਕਿ ਪਿਛੋਕੜ ਵਿਚ ਬਾਦਲਾਂ ਨੇ ਨਿੱਜੀ ਮੁਫ਼ਾਦਾਂ ਲਈ ਹਮੇਸ਼ਾਂ ਹੀ ਭਾਜਪਾ ਤੇ ਆਰ.ਐਸ.ਐਸ.ਖ਼ਿਲਾਫ਼ ਹੇਠਲੇ ਪੱਧਰ ਦੀ ਬਿਆਨਬਾਜ਼ੀ ਕੀਤੀ ਹੈ। ਮੋਦੀ ਸਰਕਾਰ ਵਿਰੁਧ ਬਾਦਲਾਂ ਦੀ ਬੁਖਲਾਹਟ ਸਿਰਫ਼ ਇਸ ਲਈ ਹੈ ਕਿਉਂਕਿ ਇਹ 1984 ਦੇ ਮਾਮਲੇ ਵਿਚ ਟਾਈਟਲਰ ਬਾਰੇ ਕੁੱਝ ਨਹੀਂ ਕਰ ਪਾ ਰਹੇ।''