
ਬਠਿੰਡਾ: ਅਦਾਲਤ ਦੇ ਦਖ਼ਲ ਮਗਰੋਂ ਬਠਿੰਡਾ ਦੀ ਸਦਰ ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ‘ਤੇ ਸੀਆਈਏ-2 ਦੇ ਏਐਸਆਈ ਤੇ ਦੋ ਹੋਰਾਂ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਹੈ।
ਹਾਸਲ ਜਾਣਕਾਰੀ ਮੁਤਾਬਕ ਬਠਿੰਡਾ ਦੇ ਬੀਡ਼ ਤਲਾਬ ਵਿਖੇ ਰਹਿਣ ਵਾਲੀ ਵਿਧਵਾ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੀ 19 ਨਵੰਬਰ ਨੂੰ ਸੀਆਈਟੂ ਦੇ ਏਐਸਆਈ ਰਣਜੀਤ ਸਿੰਘ ਨੇ ਉਸ ਦੇ ਘਰ ਰੇਡ ਕੀਤੀ ਸੀ। ਉਸ ਸਮੇਂ ਉਸ ਨਾਲ ਦੋ ਸ਼ਰਾਬ ਦੇ ਠੇਕੇਦਾਰ ਵੀ ਸਨ ਜੋ ਬਾਹਰ ਖਡ਼੍ਹੇ ਰਹੇ ਤੇ ਰਣਜੀਤ ਸਿੰਘ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।
ਇਸ ਮਹਿਲਾ ਨੇ ਅਦਾਲਤ ਕੋਲ ਗੁਹਾਰ ਲਾਈ ਸੀ ਕਿ ਪੁਲਿਸ ਉਸ ਦਾ ਮਾਮਲਾ ਦਰਜ ਨਹੀਂ ਕਰ ਰਹੀ। ਇਸ ਦੇ ਚੱਲਦਿਆਂ ਅਦਾਲਤੀ ਹੁਕਮਾਂ ‘ਤੇ ਥਾਣਾ ਸਦਰ ਵਿੱਚ ਉਕਤ ਏਐਸਆਈ ਖ਼ਿਲਾਫ਼ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੂਜੇ ਪਾਸੇ ਥਾਣਾ ਸਦਰ ਦੇ ਐਸਐਚਓ ਨੇ ਦੱਸਿਆ ਕਿ ਉਕਤ ਔਰਤ ਦੇ ਵਕੀਲ ਨੂੰ ਲਗਾਤਾਰ ਬਿਆਨ ਦਰਜ ਕਰਵਾਉਣ ਲਈ ਕਿਹਾ ਜਾਂਦਾ ਰਿਹਾ ਪਰ ਉਹ ਲੋਕ ਬਿਆਨ ਦਰਜ ਨਹੀਂ ਕਰਵਾਉਣ ਆਏ ਉਲਟਾ ਸਿੱਧਾ ਅਦਾਲਤ ਕੋਲ ਜਾ ਪਹੁੰਚੇ।