
ਐਸ.ਏ.ਐਸ. ਨਗਰ, 26 ਅਕਤੂਬਰ (ਗੁਰਮੁਖ ਵਾਲੀਆ) : ਮੋਹਾਲੀ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦ ਪੁਲਿਸ ਨੇ 22 ਅਤੇ 23 ਸਤੰਬਰ ਦੀ ਦਰਮਿਆਨੀ ਰਾਤ ਨੂੰ ਫ਼ੇਜ਼ 3 ਬੀ2 ਵਿਖੇ ਰਹਿੰਦੇ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਦੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਗੋਰਵ ਕੁਮਾਰ ਪੁਤਰ ਸਤਵੀਰ ਸਿੰਘ ਨੇ ਪੁਲਿਸ ਵਲੋਂ ਕੀਤੀ ਪੁੱਛਗਿਛ ਵਿਚ ਦਸਿਆ ਕਿ ਕਤਲ ਵਾਲੇ ਦਿਨ ਉਹ ਪਾਰਕ ਵਿਚ ਬੈਠਾ ਸੀ। ਪਾਰਕ ਵਿਚ ਬਿਨਾਂ ਵਜ੍ਹਾ ਬੈਠੇ ਹੋਣ ਕਰ ਕੇ ਕੇ.ਜੇ ਸਿੰਘ ਦਾ ਉਸ ਨਾਲ ਤਕਰਾਰ ਹੋ ਗਿਆ ਅਤੇ ਪੱਤਰਕਾਰ ਨੇ ਉਸ ਨੂੰ ਥੱਪੜ ਮਾਰੇ। ਮੁਲਜ਼ਮ ਨੇ ਇਸੇ ਰੰਜਸ਼ ਕਰ ਕੇ ਵਾਰਦਾਤ ਨੂੰ ਅੰਜਾਮ ਦਿਤਾ। ਇਸ ਸਬੰਧੀ ਭਰਵੀਂ ਪ੍ਰੈਸ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਦਸਿਆ ਕਿ ਮੁਲਜ਼ਮ ਪਾਸੋਂ ਮ੍ਰਿਤਕ ਕੇ.ਜੀ. ਸਿੰਘ ਦੀ ਫ਼ੋਰਡ ਆਈ ਕੋਨ ਕਾਰ ਨੰਬਰ ਪੀ ਬੀ 65 ਏ 0164 ਰੰਗ ਬੌਟਲ ਗਰੀਨ, ਉਸ ਦਾ ਅਤੇ ਉਸ ਦੀ ਮਾਤਾ ਦਾ ਮੋਬਾਈਲ ਫ਼ੋਨ, ਪਰਸ, ਏ.ਟੀ.ਐਮ. ਕਾਰਡ ਅਤੇ ਐਲ.ਸੀ.ਡੀ. ਸਮੇਤ ਸੈੱਟਅਪ ਬਾਕਸ ਵੀ ਬਰਾਮਦ ਕਰ ਲਿਆ ਗਿਆ। ਇਸ ਮੌਕੇ ਐਸ.ਪੀ. ਇਨਵੈਸਟੀਗੇਸ਼ਨ ਹਰਵੀਰ ਸਿੰਘ ਅਟਵਾਲ ਸਮੇਤ ਪੁਲਿਸ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਜ਼ਿਲ੍ਹਾ ਪੁਲਿਸ ਮੁਖੀ ਨੇ ਦਸਿਆ ਕਿ ਪੁਲਿਸ ਨੂੰ ਅੱਜ ਸਵੇਰੇ ਇਤਲਾਹ ਮਿਲੀ ਕਿ ਇਕ ਬੋਟਲ ਗਰੀਨ ਫ਼ੋਰਡ ਆਈਕਾਨ ਕਾਰ ਸ਼ੱਕੀ ਹਲਾਤ ਵਿਚ ਮੋਹਾਲੀ ਏਰੀਆ ਵਿਚ ਘੁੰਮ ਰਹੀ ਹੈ, ਜਿਸ 'ਤੇ ਪੀ ਬੀ 65 ਏ 0164 ਨੰਬਰ ਲੱਗਾ ਹੋਇਆ ਹੈ। ਕਾਰ ਨੂੰ ਕਾਬੂ ਕਰਨ ਲਈ ਸਾਰੀਆਂ ਪੀ.ਸੀ.ਆਰ ਪਾਰਟੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ।
ਇਸ ਕਾਰ ਨੂੰ ਪੀ.ਸੀ.ਆਰ. ਪਾਰਟੀ ਨੰਬਰ 26 ਦੇ ਸਿਪਾਹੀ ਪਰਮਿੰਦਰ ਸਿੰਘ ਅਤੇ ਰਣਜੀਤ ਸਿੰਘ, ਏ.ਐਸ਼ ਆਈ ਅਜੇ ਪਾਠਕ ਇੰਚਾਰਜ ਪੀ ਸੀ ਆਰ ਦੀ ਮਦਦ ਨਾਲ ਸੁਹਾਣਾ ਤੋਂ ਹੋਮਲੈਂਡ ਫ਼ਲੈਟਾਂ ਦੇ ਸਾਹਮਣੇ ਏਅਰਪੋਰਟ ਰੋਡ 'ਤੇ ਪੀ ਬੀ 64ਏ-6474 ਮਾਅਰਕਾ ਫ਼ੋਰਡ ਆਈ ਕਾਨ ਨੂੰ ਰੋਕਿਆ ਅਤੇ ਸ਼ੱਕ ਦੀ ਬਿਨ੍ਹਾ 'ਤੇ ਕਾਰ ਨੂੰ ਚਲਾਉਣ ਵਾਲੇ ਗੋਰਵ ਕੁਮਾਰ ਪੁੱਤਰ ਜਸਵੀਰ ਸਿੰਘ ਨੂੰ ਰੋਕ ਕੇ ਪੁਛਗਿੱਛ ਕੀਤੀ। ਗੱਡੀ ਦੀ ਤਲਾਸ਼ੀ ਲੈਣ 'ਤੇ ਸਰਵਿਸ ਸਲਿਪ ਕੇ.ਜੇ ਸਿੰਘ ਦੇ ਨਾਂ ਦੀ ਗੱਡੀ ਵਿਚੋਂ ਬਰਾਮਦ ਹੋਈ। ਗੱਡੀ ਦਾ ਇੰਜਣ ਨੰਬਰ ਅਤੇ ਚਾਸੀ ਨੰਬਰ ਜੋ ਪਹਿਲਾਂ ਹੀ ਪੁਲਿਸ ਪਾਸ ਸੀ, ਨਾਲ ਮੇਲ ਕੀਤਾ ਗਿਆ ਜੋ ਇਹ ਕਾਰ ਕੇ.ਜੇ ਸਿੰਘ ਦੀ ਹੋਣੀ ਪਾਈ ਗਈ, ਗੱਡੀ ਦੇ ਜੋ ਕਾਗਜ਼ਾਤ ਬਰਾਮਦ ਹੋਏ, ਤੋਂ ਇਸ ਕਾਰ ਦਾ ਅਸਲ ਨੰਬਰ ਪੀ.ਬੀ-65.ਏ-0164 ਪਾਇਆ ਗਿਆ। ਕੇ.ਜੇ. ਸਿੰਘ ਅਤੇ ਉਸ ਦੀ ਮਾਤਾ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਇਹ ਗੱਡੀ ਮੌਕੇ ਤੋਂ ਲੈ ਗਿਆ ਸੀ। ਪੁੱਛਗਿਛ ਦੌਰਾਨ ਮੁਲਜ਼ਮ ਗੋਰਵ ਕੁਮਾਰ ਪੁੱਤਰ ਸਤਵੀਰ ਸਿੰਘ ਵਾਸੀ ਪਿਪਾਲਾ, ਥਾਣਾ ਅੋਰੰਗਾਬਾਦ, ਜਿਲਾ ਬੁਲੰਦਸ਼ਹਿਰ (ਯੂ.ਪੀ) ਹਾਲ ਕਿਰਾਏਦਾਰ ਪਿੰਡ ਕਜਹੇੜੀ ਯੂ.ਟੀ. ਚੰਡੀਗੜ੍ਹ ਨੇ ਅਪਣਾ ਗੁਨਾਹ ਕਬੂਲ ਕਰ ਲਿਆ। ਪੁਲਿਸ ਨੇ ਮੁਲਜ਼ਮ ਵਿਰੁਧ ਮੁੱਕਦਮਾ ਕਰ ਕੇ ਗ੍ਰਿਫ਼ਤਾਰ ਲਿਆ। ਅਗਲੀ ਤਫ਼ਤੀਸ਼ ਦੌਰਾਨ ਮੁਲਜ਼ਮ ਪਾਸੋਂ ਉਸ ਦੇ ਕਿਰਾਏ ਦੇ ਕਮਰੇ ਵਿਚ ਕਤਲ ਲਈ ਵਰਤਿਆ ਚਾਕੂ, ਮ੍ਰਿਤਕਾ ਦੇ ਦੋ ਮੋਬਾਈਲ ਫ਼ੋਨ, 3 ਏ.ਟੀ.ਐਮ ਕਾਰਡ, ਇਕ ਘੜੀ, ਡੀ.ਵੀ.ਡੀ ਪਲੇਅਰ, ਕੰਪਨੀ ਏਅਰਟੈੱਲ ਦਾ ਟੀ.ਵੀ. ਸੈੱਟਅਪ ਬਾਕਸ, ਇਕ ਟੈਲੀ ਫ਼ਲੈਸ਼ ਵੀ ਬਰਾਮਦ ਕਰ ਲਏ ਗਏ ਹਨ।