
ਬਠਿੰਡਾ, 24 ਜਨਵਰੀ (ਸੁਖਜਿੰਦਰ ਮਾਨ) : ਬਠਿੰਡਾ ਥਰਮਲ ਨੂੰ ਬੰਦ ਕਰਨ ਵਿਰੁਧ ਕਾਮਿਆਂ ਵਲੋਂ ਵਿੱਢੇ ਸੰਘਰਸ਼ ਨੂੰ ਕੁੰਢਾ ਕਰਨ ਲਈ ਬੀਤੀ ਰਾਤ ਪ੍ਰਸ਼ਾਸਨ ਵਲੋਂ ਦਰਜਨਾਂ ਆਗੂਆਂ ਸਹਿਤ ਸਂੈਕੜੇ ਕਾਮਿਆਂ ਵਿਰੁਧ ਪਰਚੇ ਦਰਜ ਕਰਨ ਦੀ ਸੂਚਨਾ ਹੈ। ਵੱਡੀ ਗੱਲ ਇਹ ਹੈ ਕਿ ਸਥਾਨਕ ਪੁਲਿਸ ਵਲੋਂ ਧਾਰਾ 283, 341, 431 ਅਤੇ 8 ਬੀ ਨੈਸ਼ਨਲ ਹਾਈਵੇ ਐਕਟ 1956 ਤਹਿਤ ਦਰਜ ਕੀਤੇ ਗਏ ਇਸ ਪਰਚੇ 'ਚ ਉਨ੍ਹਾਂ ਆਗੂਆਂ ਨੂੰ ਵੀ ਲਪੇਟ ਲਿਆ ਹੈ, ਜਿਹੜੇ ਇਸ ਧਰਨੇ ਦੀ ਬਜਾਏ ਪਾਵਰਕਾਮ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਨ ਲਈ ਪਟਿਆਲਾ ਪੁੱਜੇ ਹੋਏ ਸਨ। ਇਸ ਤੋਂ ਇਲਾਵਾ ਇਸ ਪਰਚੇ ਵਿਚ ਥਰਮਲ ਦੇ ਪੱਕੇ ਕਾਮਿਆਂ ਦੀ ਇੰਪਲਾਈਜ਼ ਤਾਲਮੇਲ ਕਮੇਟੀ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਮੁਲਜ਼ਮਾਂ ਵਜੋਂ ਸ਼ਾਮਲ ਕੀਤਾ ਹੈ। ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੱਚੇ ਕਾਮਿਆਂ ਵਲੋਂ ਚੱਲ ਰਹੇ ਪੱਕੇ ਮੋਰਚੇ ਦੇ ਧਰਨੇ ਤੋਂ ਬਾਅਦ ਇਹ ਜਾਮ ਵਰਦੇ ਮੀਂਹ ਵਿਚ ਲਾਇਆ ਗਿਆ ਸੀ। ਹਾਲਾਂਕਿ ਇਸ ਦੌਰਾਨ ਕੋਈ ਹਿੰਸਕ ਘਟਨਾ ਨਹੀਂ ਵਾਪਰੀ ਪਰ ਟ੍ਰੈਫ਼ਿਕ ਵਿਚ ਜ਼ਰੂਰ ਕਈ ਘੰਟੇ ਵਿਘਨ ਪਿਆ ਰਿਹਾ। ਪੁਲਿਸ ਅਧਿਕਾਰੀਆਂ ਮੁਤਾਬਕ ਸ਼ਾਂਤਮਈ ਤਰੀਕੇ ਨਾਲ ਹਰ ਇਕ ਨੂੰ ਅਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਪਰ ਅਮਨ ਤੇ ਕਾਨੂੰਨ ਦੀ ਸਥਿਤੀ ਜਾਂ ਫ਼ਿਰ ਸੜਕਾਂ ਰੋਕ ਕੇ ਦੂਜਿਆਂ ਨੂੰ ਪ੍ਰੇਸ਼ਾਨ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ, ਜਿਸ ਦੇ ਚੱਲਦੇ ਇਹ ਪਰਚਾ ਦਰਜ ਕੀਤਾ ਗਿਆ ਹੈ।
ਦਸਣਾ ਬਣਦਾ ਹੈ ਕਿ ਇਸ ਪਰਚੇ ਵਿਚ ਕੱਚੇ ਕਾਮਿਆਂ ਦੇ ਚੱਲ ਰਹੇ ਪੱਕੇ ਮੋਰਚੇ ਦੇ ਕਨਵੀਨਰ ਰਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਪੱਕੇ ਕਾਮਿਆਂ ਦੀ ਜਥੇਬੰਦੀ ਤਾਲਮੇਲ ਕਮੇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਅਤੇ ਪ੍ਰਕਾਸ਼ ਸਿੰਘ ਪਾਸ਼ਾ ਸਹਿਤ ਕੱਚੇ ਕਾਮਿਆਂ ਦੇ ਆਗੂ ਇਕਬਾਲ ਸਿੰਘ ਤੇ ਵਿਜੇ ਕੁਮਾਰ ਤੋਂ ਇਲਾਵਾ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲ, ਠੇਕਾ ਮੁਲਾਜ਼ਮ ਯੂਨੀਅਨ ਦੇ ਦੀਦਾਰ ਸਿੰਘ ਮੁਦਕੀ, ਵਰਿੰਦਰ ਸਿੰਘ, ਅਪਰਅਪਾਰ ਸਿੰਘ, ਅਸਵਨੀ ਘੁੱਦਾ, ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਡੇਢ ਸੋ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੂੰ ਵੀ ਸ਼ਾਮਲ ਕੀਤਾ ਹੈ। ਮੋਰਚੇ ਦੇ ਕਨਵੀਨਰ ਰਾਜਿੰਦਰ ਸਿੰਘ ਢਿੱਲੋਂ ਨੇ ਪੋਲ ਖੋਲ੍ਹਦਿਆਂ ਦਾਅਵਾ ਕੀਤਾ ਕਿ ਉਹ ਤਿੰਨ ਮੈਂਬਰੀ ਵਫ਼ਦ ਨਾਲ ਪਟਿਆਲਾ ਪਾਵਰਕਾਮ ਦੇ ਪ੍ਰਬੰਧਕਾਂ ਨਾਲ ਮੀਟਿੰਗ ਲਈ ਗਏੇ ਸਨ ਪਰ ਉਸ ਨੂੰ ਵੀ ਨਾਮਜ਼ਦ ਕਰ ਦਿਤਾ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਅਜਿਹੇ ਝੂਠੇ ਪਰਚਿਆਂ ਨਾਲ ਉਹ ਡਰਨ ਵਾਲੇ ਨਹੀਂ, ਬਲਕਿ ਇਸ ਨਾਲ ਸੰਘਰਸ਼ ਹੋਰ ਤਿੱਖਾ ਹੋਵੇਗਾ। ਜਥੇਬੰਦੀ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਕਿਹਾ ਕਿ ਪ੍ਰਸ਼ਾਸ਼ਨ ਨੂੰ ਝੂਠੇ ਪਰਚੇ ਪਾਉਣ ਦੀ ਬਜਾਏ ਸਰਾਕਾਰ ਤੋਂ ਕੱਚੇ ਕਾਮਿਆਂ ਦੇ ਮਸਲੇ ਦਾ ਹੱਲ ਕਰਵਾਉਣਾ ਚਾਹੀਦਾ ਹੈ।