
ਬਠਿੰਡਾ, 12 ਜਨਵਰੀ (ਸੁਖਜਿੰਦਰ ਮਾਨ) : ਥਰਮਲ ਨੂੰ ਬੰਦ ਕਰਨ ਦੇ ਮਾਮਲੇ 'ਚ ਬਿਜਲੀ ਕਾਮਿਆਂ ਦਾ ਨਿਸ਼ਾਨਾ ਬਣੇ ਵਿੱਤ ਮੰਤਰੀ ਦੀ ਅੱਜ ਸ਼ਹਿਰ 'ਚ ਆਮਦ ਹੁੰਦੇ ਹੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਿਛਲੇ 12 ਦਿਨਾਂ ਤੋਂ ਸੰਘਰਸ਼ ਕਰ ਰਹੇ ਕੱਚੇ ਕਾਮਿਆਂ ਵਲੋਂ ਅੱਜ ਬਠਿੰਡਾ ਪੁੱਜੇ ਮਨਪ੍ਰੀਤ ਸਿੰਘ ਬਾਦਲ ਦੇ ਘਿਰਾਉ ਦਾ ਐਲਾਨ ਕਰਦੇ ਹੋਏ ਰੋਸ ਮਾਰਚ ਸ਼ੁਰੂ ਕਰ ਦਿਤਾ, ਹਾਲਾਂਕਿ ਕੱਚੇ ਕਾਮਿਆਂ ਨੂੰ ਪੁਲਿਸ ਵਲੋਂ ਬੱਸ ਸਟੈਂਡ ਨੇੜੇ ਹੀ ਰੋਕ ਲਿਆ ਜਦਕਿ ਪੱਕੇ ਕਾਮੇ ਮਨਪ੍ਰੀਤ ਸਿੰਘ ਬਾਦਲ ਦੇ ਸਮਾਗਮ ਨੇੜਲੀ ਜਗ੍ਹਾਂ ਪੁੱਜਣ ਵਿਚ ਕਾਮਯਾਬ ਹੋ ਗਏ, ਜਿਥੇ ਉਨ੍ਹਾਂ ਭਾਰੀ ਨਾਹਰੇਬਾਜ਼ੀ ਕੀਤੀ। ਪ੍ਰਸ਼ਾਸਨ ਨੇ ਮਾਮਲੇ ਦੀ ਨਜ਼ਾਕਤ ਸਮਝਦਿਆਂ ਕੱਚੇ ਕਾਮਿਆਂ ਨੂੰ ਆਗਾਮੀ 14 ਜਨਵਰੀ ਨੂੰ ਵਿਤ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦਿਵਾਇਆ ਹੈ। ਸੂਚਨਾ ਮੁਤਾਬਕ ਅੱਜ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਥਾਨਕ ਗੋਲ ਡਿੱਗੀ ਕੋਲ ਸਥਿਤ ਇੱਕ ਪ੍ਰਾਈਵੇਟ ਸਕੂਲ 'ਚ ਲੋਹੜੀ ਦੇ ਸਮਾਗਮ ਉਪਰ ਆਉਣਾ ਸੀ। ਉਨ੍ਹਾਂ ਦੀ ਆਮਦ ਹੋਣ ਦਾ ਪਤਾ ਚੱਲਦੇ ਹੀ ਸਥਾਨਕ ਮਿੰਨੀ ਸਕੱਤਰੇਤ ਅੱਗੇ ਪੱਕਾ ਮੋਰਚਾ ਗੱਡੀ ਬੈਠੇ ਕੱਚੇ ਕਾਮਿਆਂ ਨੇ ਅਪਣੇ ਪਹਿਲਾਂ ਕੀਤੇ ਐਲਾਨ ਮੁਤਾਬਕ ਬਾਅਦ ਦੁਪਿਹਰ ਧਰਨੇ ਵਾਲੀ ਥਾਂ ਤੋਂ ਸਕੂਲ ਲਈ ਰੋਸ਼ ਮਾਰਚ ਸ਼ੁਰੂ ਕਰ ਦਿਤਾ। ਪ੍ਰਸ਼ਾਸਨ ਨੂੰ ਇਸਦਾ ਪਤਾ ਲੱਗਦੇ ਹੀ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਭਾਰੀ ਗਿਣਤੀ 'ਚ ਪੁਲਿਸ ਤੈਨਾਤ ਕਰਕੇ ਇੰਨਾਂ ਕਾਮਿਆਂ ਨੂੰ ਸਥਾਨਕ ਬੱਸ ਸਟੈਂਡ ਕੋਲ ਰੋਕਣ ਦਾ ਯਤਨ ਕੀਤਾ। ਦੋਨਾਂ ਧਿਰਾਂ ਵਿਚਕਾਰ ਚੱੱਲਦੇ ਤਨਾਅ ਕਾਰਨ ਕੁੱਝ ਸਮੇਂ ਲਈ ਇਥੇ ਜਾਮ ਵਾਲੀ ਸਥਿਤੀ ਬਣ ਗਈ।
ਮਾਮਲੇ ਦਾ ਹੱਲ ਕੱਢਣ ਲਈ ਐਸ.ਡੀ.ਐਮ ਸ਼ਾਕਸੀ ਸਾਹਨੀ ਅਤੇ ਐਸ.ਪੀ ਸਿਟੀ ਗੁਰਮੀਤ ਸਿੰਘ ਵਲੋਂ ਦੋ ਦਿਨਾਂ ਬਾਅਦ ਕੱਚੇ ਕਾਮਿਆਂ ਨੂੰ ਵਿਤ ਮੰਤਰੀ ਨਾਲ ਬੈਠ ਕੇ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਦੂਜੇ ਪਾਸੇ ਥਰਮਲ ਦੇ ਪੱਕੇ ਕਾਮੇ ਗੋਲਡਿੱਗੀ ਕੋਲ ਪੁੱਜ ਗਏ, ਜਿਨ੍ਹਾਂ ਇਕ ਕਤਾਰ ਵਿਚ ਕਾਲੀਆਂ ਝੰਡੀਆਂ ਫ਼ੜ ਕੇ ਪੰਜਾਬ ਸਰਕਾਰ ਵਿਰੁਧ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ। ਉਧਰ ਅੱਜ ਪਾਵਰਕਾਮ ਦੀ ਮੈਨੇਜਮੈਂਟ ਨਾਲ ਪਹਿਲੀ ਵਾਰ ਮੀਟਿੰਗ ਕਰਨ ਪਟਿਆਲਾ ਪੁੱਜੀ ਥਰਮਲ ਕੰਟਰਕੈਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਦੇ ਆਗੂਆਂ ਨਾਲ ਪ੍ਰਬੰਧਕੀ ਡਾਇਰੈਕਟਰ ਆਰ.ਪੀ.ਪਾਂਡਵ ਨੇ ਜਲਦੀ ਹੀ ਉਨ੍ਹਾਂ ਦੀ ਮੰਗਾਂ ਨੂੰ ਪੰਜਾਬ ਸਰਕਾਰ ਤਕ ਪਹੁੰਚਾਉਣ ਦਾ ਵਾਅਦਾ ਕੀਤਾ। ਕਮੇਟੀ ਆਗੂ ਰਜਿੰਦਰ ਸਿੰਘ ਢਿੱਲੋਂ ਨੇ ਦਸਿਆ ਕਿ ਉਨ੍ਹਾਂ ਮੀਟਿੰਗ ਦੌਰਾਨ ਜਨਤਕ ਖੇਤਰ ਦੇ ਥਰਮਲਾਂ ਨੂੰ ਬੰਦ ਕਰਨ ਦੇ ਚਲਦੇ ਮੁਲਾਜਮਾਂ ਤੇ ਆਮ ਲੋਕਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕਰਵਾਇਆ। ਜਿਸ ਤੋਂ ਬਾਅਦ ਜਲਦੀ ਹੀ ਪਾਵਰਕਾਮ ਦੀ ਮੈਨੇਜਮੈਂਟ ਨੇ ਇਕ ਹੋਰ ਮੀਟਿੰਗ ਕਰਨ ਦਾ ਭਰੋਸਾ ਵੀ ਦਿਤਾ ਹੈ। ਇਸ ਤੋਂ ਇਲਾਵਾ ਸਰਕਾਰੀ ਥਰਮਲਾਂ ਦੇ ਠੇਕਾ ਮੁਲਾਜ਼ਮਾਂ ਦਾ ਪੱਕਾ ਮੋਰਚਾ ਅੱਜ ਬਾਰ੍ਹਵੇਂ ਦਿਨ ਵੀ ਜਾਰੀ ਰਿਹਾ। ਕੱਚੇ ਕਮਿਆਂ ਦੇ ਹੌਂਸਲੇ ਬਲੰਦ ਨੇ ਭਰਾਤਰੀ ਜਥੇਬੰਦੀਆਂ ਤੋ ਲਗਾਤਾਰ ਹਮਾਇਤ ਜਾਰੀ ਹੈ।