
ਬਪਰੌਰ:
'ਉੱਚਾ ਦਰ ਬਾਬੇ ਨਾਨਕ ਦਾ' ਦੀ ਮਾਸਕ ਮੀਟਿੰਗ ਪਿੰਡ ਬਪਰੌਰ (ਜੀ.ਟੀ. ਰੋਡ) ਵਿਖੇ
ਮਾਹੌਲ ਉਸ ਵੇਲੇ ਬੜਾ ਭਾਵੁਕ ਹੋ ਗਿਆ ਜਦ ਇਕ ਮੁਸਲਮਾਨ ਮਜ਼ਦੂਰ ਤੇ ਅੰਮ੍ਰਿਤਸਰ ਦੇ ਕੁੱਝ
ਰਿਕਸ਼ਾ ਚਾਲਕਾਂ (ਅੰਗਹੀਣਾਂ ਸਮੇਤ) ਨੇ ਪੈਸੇ ਜੋੜ ਕੇ ਉੱਚਾ ਦਰ ਨੂੰ ਮੁਕੰਮਲ ਕਰਨ ਲਈ
ਭੇਜੇ ਤੇ ਪੈਸੇ ਵਾਲੇ ਸਿੱਖਾਂ ਨੂੰ ਯਾਦ ਕਰਵਾਇਆ ਕਿ ਜਿਸ 'ਉੱਚਾ ਦਰ' ਤੋਂ ਉਹ ਮਦਦ ਦੀ
ਆਸ ਲੈ ਕੇ ਕਈ ਸਾਲਾਂ ਤੋਂ ਉਡੀਕ ਰਹੇ ਹਨ, ਉਹ ਮੁਕੰਮਲ ਇਸ ਲਈ ਨਹੀਂ ਹੋ ਰਿਹਾ ਕਿ ਸਿੱਖ
ਮਾਇਆ-ਪ੍ਰਸਤ ਹੋ ਗਏ ਹਨ ਤੇ ਏਨੇ ਮਹਾਨ ਕੰਮ ਲਈ ਵੀ ਦਿਲ ਖੋਲ੍ਹ ਕੇ ਪੈਸਾ ਨਹੀਂ ਦੇਂਦੇ।
ਸਾਰੇ ਬੁਲਾਰੇ ਇਸ ਗੱਲ ਤੇ ਅਫ਼ਸੋਸ ਜਤਾ ਰਹੇ ਸਨ ਕਿ ਸਿੱਖ ਤਮਾਸ਼ਾ ਤਾਂ ਵੇਖੀ ਜਾਂਦੇ ਹਨ ਪਰ ਜਦ ਪੈਸੇ ਦੀ ਕੁਰਬਾਨੀ ਕਰਨ ਦੀ ਗੱਲ ਆਖੀ ਜਾਂਦੀ ਹੈ ਤਾਂ ਵਿਰੋਧੀਆਂ ਨੂੰ ਤਾਂ ਛੱਡੋ, ਹਮਾਇਤੀ ਵੀ ਜੇਬ ਘੁਟ ਕੇ ਬੈਠ ਜਾਂਦੇ ਹਨ। ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨੇ ਵੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿਰ ਮੰਗੇ ਸਨ ਤਾਂ ਲੱਖਾਂ ਵਿਚੋਂ ਕੇਵਲ 5 ਹੀ ਸਿਰ ਲੈ ਕੇ ਨਿਤਰੇ ਸਨ ਪਰ ਅੱਜ ਜਦ ਸਿੱਖ ਆਮ ਤੌਰ 'ਤੇ ਬੜੇ ਖ਼ੁਸ਼ਹਾਲ ਹਨ, ਤਾਂ ਵੀ ਜੇ ਕੋਈ ਪੈਸੇ ਦੀ ਵੱਡੀ ਕੁਰਬਾਨੀ ਸਿੱਖਾਂ ਕੋਲੋਂ ਮੰਗੇ (ਜਿਸ ਨਾਲ ਉੱਚਾ ਦਰ ਵਰਗਾ ਅਜੂਬਾ ਮੁਕੰਮਲ ਹੋ ਸਕੇ) ਤਾਂ ਇਹ ਕੁਰਬਾਨੀ ਦੇਣ ਲਈ ਪੰਜ ਅਮੀਰ ਸਿੱਖ ਵੀ ਨਹੀਂ ਨਿਤਰਨਗੇ।
ਅਜਿਹੇ ਮਾਹੌਲ ਵਿਚ ਅੰਮ੍ਰਿਤਸਰ ਦੇ ਰਿਕਸ਼ਾ ਚਾਲਕ ਰਾਜਬੀਰ ਨੇ ਗ਼ਰੀਬ ਰਿਕਸ਼ਾ ਚਾਲਕਾਂ ਤੇ ਉਨ੍ਹਾਂ ਉਤੇ ਬੈਠਣ ਵਾਲੀਆਂ ਸਵਾਰੀਆਂ ਕੋਲੋਂ ਇਕੱਠੇ ਕੀਤੇ 30 ਹਜ਼ਾਰ ਰੁਪਏ ਉੱਚਾ ਦਰ ਦੀ ਤੁਰਤ ਉਸਾਰੀ ਲਈ ਪੇਸ਼ ਕੀਤੇ ਅਤੇ ਯੂ.ਪੀ. ਤੋਂ ਆਏ ਇਕ ਦਿਹਾੜੀਦਾਰ ਮੁਸਲਮਾਨ ਮਜ਼ਦੂਰ ਨਿਜ਼ਾਮ ਮੁਹੰਮਦ ਨੇ ਇਕ ਹਜ਼ਾਰ ਰੁਪਏ ਅਪਣੇ ਲਹੂ ਪਸੀਨੇ ਦੀ ਕਮਾਈ 'ਚੋਂ ਬਚਾ ਕੇ ਭੇਂਟ ਕੀਤੇ ਤਾਂ ਸ. ਜੋਗਿੰਦਰ ਸਿੰਘ ਭਾਵੁਕ ਹੋ ਗਏ ਤੇ ਰੋਂਦੇ ਰੋਂਦੇ ਉਨ੍ਹਾਂ ਨੇ ਕਿਹਾ,''ਅਸੀਂ ਤਾਂ ਉੱਚਾ ਦਰ' ਬਣਾ ਰਹੇ ਸੀ ਕਿ ਗ਼ਰੀਬਾਂ ਨੂੰ ਇਥੇ ਹਰ ਸਹਾਇਤਾ ਪੂਰੇ ਸਤਿਕਾਰ ਨਾਲ ਦਿਤੀ ਜਾਏ ਤੇ ਸੌ ਫ਼ੀ ਸਦੀ ਆਮਦਨ ਇਨ੍ਹਾਂ ਲਈ ਹੀ ਰਾਖਵੀਂ ਕਰ ਦਿਤੀ ਜਾਏ।
ਪਰ
ਸਾਡੇ 'ਕੰਜੂਸੀ' ਤੇ ਪੈਸੇ ਨੂੰ ਘੁੱਟ ਕੇ ਜੇਬ ਵਿਚ ਰੱਖੀ ਰੱਖਣ ਦੀ ਆਦਤ ਨੂੰ ਵੇਖ ਕੇ
ਤੇ 6-7 ਸਾਲ ਤੋਂ ਸਾਡੀ ਸੁਸਤ ਰਫ਼ਤਾਰੀ ਤੇ ਗ਼ਰੀਬਾਂ ਲਈ ਛੇਤੀ ਨਾ ਕਰਨ (ਜਿਵੇਂ ਦਿੱਲੀ
ਦੀਆਂ 800 ਸਿੱਖ ਵਿਧਵਾਵਾਂ ਨੂੰ ਅੱਜ ਤਕ ਉਥੇ ਦੇ ਕਰੋੜਾਂਪਤੀ ਤੇ ਅਰਬਾਂਪਤੀ ਸਿੱਖ ਤੇ
ਗੁਰਦਵਾਰਾ ਕਮੇਟੀਆਂ ਸਤਿਕਾਰ ਵਾਲਾ ਜੀਵਨ ਬਿਤਾਉਣ ਲਈ ਮਦਦ ਨਹੀਂ ਦੇ ਸਕੀਆਂ) ਦੀ ਆਦਤ
ਨੂੰ ਵੇਖਦੇ ਰਹਿ ਕੇ, ਇਕ 'ਥੱਪੜ' ਵਜੋਂ ਅਪਣੀ ਮਿਹਨਤ 'ਚੋਂ ਪਸੀਨੇ ਦੀਆਂ ਕੁੱਝ ਬੂੰਦਾਂ
ਸਾਡੇ ਵਿਹੜੇ ਸੁਟ ਦਿਤੀਆਂ ਹਨ ਤਾਕਿ ਅਸੀ ਥੋੜ੍ਹੀ ਸ਼ਰਮ ਮਹਿਸੂਸ ਕਰੀਏ ਤੇ ਬਾਬੇ ਨਾਨਕ ਦੇ
ਉਸ ਉੱਚਾ ਦਰ ਨੂੰ ਮੁਕੰਮਲ ਕਰਨ ਲਈ ਕੁੱਝ ਕਰੀਏ ਜਿਥੋਂ ਗ਼ਰੀਬ ਲੋਕ ਕੁੱਝ ਹਾਸਲ ਕਰ ਸਕਣ
ਦੀ ਆਸ ਕਈ ਸਾਲਾਂ ਤੋਂ ਲਾਈ ਬੈਠੇ ਹਨ। ਉਨ੍ਹਾਂ ਦਾ ਸਬਰ ਮੁਕ ਗਿਆ ਹੈ ਤੇ ਉਨ੍ਹਾਂ ਨੇ
ਸਿੱਖਾਂ ਦੀ ਆਤਮਾ ਨੂੰ ਜਗਾਉਣ ਲਈ ਇਹ ਕਦਮ ਚੁਕਿਆ ਲਗਦਾ ਹੈ ਤਾਕਿ ਸ਼ਾਇਦ ਇਸ ਤਰ੍ਹਾਂ ਹੀ
ਸਿੱਖ, ਉਨ੍ਹਾਂ ਗ਼ਰੀਬਾਂ ਬਾਰੇ ਸੋਚ ਕੇ ਹੀ ਉੱਚਾ ਦਰ ਛੇਤੀ ਚਾਲੂ ਕਰਨ ਬਾਰੇ ਸੋਚਣਾ ਸ਼ੁਰੂ
ਕਰ ਦੇਣ।
ਸ. ਜੋਗਿੰਦਰ ਸਿੰਘ ਦੇ ਅਥਰੂ ਵੇਖ ਕੇ ਸੰਗਤ ਵੀ ਭਾਵੁਕ ਹੋ ਗਈ। ਰਿਕਸ਼ਾ
ਚਾਲਕ ਰਾਜਬੀਰ ਨੇ ਦਸਿਆ ਕਿ ਜਿਨ੍ਹਾਂ ਗ਼ਰੀਬ ਰਿਕਸ਼ਾ ਚਾਲਕਾਂ ਨੇ ਅਪਣੀ ਮਿਹਨਤ ਦੀ ਕਮਾਈ
ਵਿਚੋਂ ਪੈਸੇ ਭੇਜੇ ਹਨ, ਉਨ੍ਹਾਂ ਵਿਚੋਂ ਦੋ ਤਾਂ ਅੰਗਹੀਣ ਹਨ, ਲੱਤਾਂ ਕੰਮ ਨਹੀਂ ਕਰਦੀਆਂ
ਪਰ ਫਿਰ ਵੀ ਜੀਵਨ ਦੀ ਗੱਡੀ ਚਲਦੀ ਰੱਖਣ ਲਈ ਰਿਕਸ਼ਾ ਚਲਾਉਣ ਲਈ ਮਜਬੂਰ ਹਨ ਤੇ ਤੇ ਬੜੀ
ਦੇਰ ਤੋਂ ਆਸ ਲਾਈ ਬੈਠੇ ਹਨ ਕਿ ਉੱਚਾ ਦਰ ਸ਼ੁਰੂ ਹੋਵੇਗਾ ਤਾਂ ਉਨ੍ਹਾਂ ਨੂੰ ਈ-ਰਿਕਸ਼ੇ
(ਬੈਟਰੀ ਨਾਲ ਚਲਣ ਵਾਲੇ) ਲੈ ਦੇਵੇਗਾ। ਬੀਬੀ ਜਗਜੀਤ ਕੌਰ ਨੇ ਉਸੇ ਵੇਲੇ ਭਾਵੁਕ ਹੁੰਦਿਆਂ
ਅਪਣੇ ਕੋਲੋਂ ਅਜਿਹੇ ਦੋ ਦੁਖੀ ਰਿਕਸ਼ਾ ਚਾਲਕਾਂ ਨੂੰ ਦੋ ਈ-ਰਿਕਸ਼ੇ ਲੈ ਦੇਣ ਦਾ ਐਲਾਨ ਕਰ
ਦਿਤਾ ਤੇ ਰਾਜਬੀਰ ਸਿੰਘ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਨਾਂ ਦੇ ਦੇਣ।