ਪਟਿਆਲਾ: ਸੀ. ਆਈ. ਏ. ਸਟਾਫ ਪਟਿਆਲਾ-2 ਦੀ ਪੁਲਿਸ ਵੱਲੋਂ ਦਿੱਲੀ ਦੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕੀਤੇ ਗਏ ਇੰਦਰਜੀਤ ਸਿੰਘ ਸੰਧੂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਵਿੱਕੀ ਗੌਂਡਰ ਦਾ ਫਿਰੌਤੀਆਂ ਅਤੇ ਲੁੱਟਾਂ-ਖੋਹਾਂ ਦਾ ਜੋ ਪੈਸਾ ਹੁੰਦਾ ਸੀ, ਉਹ ਜਾਰਡਨ ਅਤੇ ਹੋਰ ਦੇਸ਼ਾਂ 'ਚ ਇਨਵੈਸਟ ਕਰਦਾ ਸੀ। ਇਥੋਂ ਉਹ ਇਹ ਪੈਸਾ ਬਾਹਰ ਵੀ ਭੇਜਦਾ ਸੀ। ਬਾਹਰ ਤੋਂ ਹਵਾਲੇ ਰਾਹੀਂ ਪੈਸਾ ਇਥੇ ਵੀ ਭੇਜਦਾ ਸੀ।

ਪੁਲਿਸ ਨੇ ਦਾਅਵਾ ਕੀਤਾ ਸੀ ਕਿ ਇੰਦਰਜੀਤ ਸਿੰਘ ਹੁਣ ਤੱਕ 5 ਜਾਅਲੀ ਪਾਸਪੋਰਟਾਂ 'ਤੇ ਵਿਦੇਸ਼ਾਂ ਵਿਚ ਘੁੰਮ ਚੁੱਕਾ ਹੈ। ਇਸ ਵਿਚੋਂ 2 ਤਾਂ ਪੁਲਿਸ ਨੇ ਬਰਾਮਦ ਵੀ ਕਰ ਲਏ ਹਨ। ਬਾਕੀ ਬਰਾਮਦ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਪੁਲਿਸ ਨੂੰ ਕੁੱਝ ਅਜਿਹੀਆਂ ਟ੍ਰਾਂਜੈਕਸ਼ਨਾਂ ਵੀ ਮਿਲੀਆਂ ਹਨ, ਜਿਨ੍ਹਾਂ ਤੋਂ ਪੈਸਾ ਇਥੋਂ ਬਾਹਰ ਅਤੇ ਬਾਹਰੋਂ ਇਥੇ ਭੇਜਣ ਦੀ ਪੁਸ਼ਟੀ ਦਾ ਦਾਅਵਾ ਕੀਤਾ ਗਿਆ ਹੈ। ਇੰਦਰਜੀਤ ਸਿੰਘ ਇਸ ਸਾਲ ਮਈ ਵਿਚ ਜਾਰਡਨ ਗਿਆ ਸੀ।
ਪਿਛਲੇ ਸਾਲ 6 ਮਹੀਨੇ ਦੁਬਈ ਵਿਚ ਵੀ ਰਹਿ ਕੇ ਆਇਆ ਹੈ। ਨਾਭਾ ਜੇਲ ਬ੍ਰੇਕ ਲਈ ਜਿਹੜੀ ਫੰਡਿੰਗ ਹੋਈ ਸੀ, ਉਸ ਸਬੰਧ ਵਿਚ ਜਾਂਚ ਕੀਤੀ ਜਾ ਰਹੀ ਹੈ। ਇਧਰ ਜਾਅਲੀ ਪਾਸਪੋਰਟ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਉਸ ਟਰੈਵਲ ਏਜੰਟ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ, ਜਿਹੜਾ ਇੰਦਰਜੀਤ ਸਿੰਘ ਨੂੰ ਜਾਅਲੀ ਪਾਸਪੋਰਟ ਬਣਾ ਕੇ ਦਿੰਦਾ ਸੀ। ਇਥੇ ਇਹ ਦੱਸਣਯੋਗ ਹੈ ਕਿ ਇੰਦਰਜੀਤ ਸਿੰਘ ਨੂੰ ਪਟਿਆਲਾ ਪੁਲਿਸ ਨੇ 2 ਦਿਨ ਪਹਿਲਾਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਸੀ।
ਇੰਦਰਜੀਤ ਸਿੰਘ ਜਾਰਡਨ ਤੋਂ ਦਿੱਲੀ ਆ ਰਿਹਾ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਇੰਦਰਜੀਤ ਸਿੰਘ ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਕੁਲਪ੍ਰੀਤ ਸਿੰਘ ਨੀਟਾ ਦਿਓਲ ਦਾ ਨਜ਼ਦੀਕੀ ਸਾਥੀ ਹੈ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਇੰਦਰਜੀਤ ਸਿੰਘ ਵਿੱਕੀ ਗੌਂਡਰ ਦਾ ਫੇਸਬੁੱਕ ਪ੍ਰੋਫਾਈਲ ਵੀ ਹੈਂਡਲ ਕਰਦਾ ਸੀ ਅਤੇ ਫੇਸਬੁੱਕ ਜ਼ਰੀਏ ਹੀ ਫਿਰੌਤੀ ਲਈ ਧਮਕੀਆਂ ਦੇਣ ਦਾ ਕੰਮ ਵੀ ਕਰਦਾ ਸੀ।
end-of