
ਕੋਟਕਪੂਰਾ: ਸਥਾਨਕ ਸ਼ਹਿਰ ਦੇ ਧਨਾਢ ਲੋਕਾਂ ਨੂੰ ਡਰਾ-ਧਮਕਾ ਕੇ ਫਿਰੋਤੀ ਵਸੂਲਣ ਦੇ ਮਾਮਲੇ 'ਚ ਸੀਆਈਏ ਸਟਾਫ਼ ਫ਼ਰੀਦਕੋਟ ਨੇ ਕੋਟਕਪੂਰੇ ਦੇ ਗੈਂਗਸਟਰ ਵਿਨੈ ਦਿਉੜਾ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆਂਦਾ ਹੈ। ਬਠਿੰਡਾ ਜੇਲ 'ਚ ਬੰਦ ਵਿਨੈ ਦਿਉੜਾ ਨੂੰ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ। ਪੁਲਿਸ ਵਲੋਂ ਸਖ਼ਤੀ ਨਾਲ ਕੀਤੀ ਪੁੱਛਗਿਛ ਦੌਰਾਨ ਵਿਨੈ ਦਿਉੜਾ ਨੇ ਮੰਨਿਆ ਕਿ ਉਹ ਗੈਂਗਸਟਰ ਸਿੰਮਾ ਬਹਿਬਲ ਨੂੰ ਕੋਟਕਪੂਰੇ ਦੇ ਉਨ੍ਹਾਂ ਧਨਾਢ ਲੋਕਾਂ ਦੀ ਸੂਚੀ ਉਪਲਬੱਧ ਕਰਾਉਂਦਾ ਸੀ, ਜਿੰਨਾ ਤੋਂ ਡਰਾ-ਧਮਕਾ ਕੇ ਅਸਾਨੀ ਨਾਲ ਫਿਰੋਤੀ ਵਸੂਲੀ ਜਾ ਸਕੇ।
ਜ਼ਿਕਰੇਯੋਗ ਹੈ ਕਿ ਉਕਤ ਮਾਮਲੇ ਦਾ ਪ੍ਰਗਟਾਵਾ ਪਿਛਲੇ ਸਾਲ 15 ਸਤੰਬਰ ਨੂੰ ਉਸ ਵੇਲੇ ਹੋਇਆ ਸੀ ਜਦੋਂ ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਸ਼ਹਿਰ 'ਚ ਕਿਸੇ ਵਿਅਕਤੀ ਤੋਂ ਫਿਰੋਤੀ ਵਸੂਲਣ ਆਏ ਮੋਟਰਸਾਈਕਲ ਸਵਾਰ ਦੋ ਨੋਜਵਾਨਾਂ ਨੇੜਲੇ ਪਿੰਡ ਮੌੜ ਦੇ ਵਸਨੀਕ ਜਗਸੀਰ ਸਿੰਘ ਅਤੇ ਮੱਲਕੇ ਪਿੰਡ ਦੇ ਵਾਸੀ ਇੰਦਰਪ੍ਰੀਤ ਸਿੰਘ ਨਿੱਕੂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 10 ਹਜ਼ਾਰ ਰੁਪਏ ਦੀ ਨਕਦੀ ਸਮੇਤ ਇਕ 315 ਬੋਰ ਦਾ ਦੇਸੀ ਪਿਸਤੌਲ ਤੇ ਦੋ ਕਾਰਤੂਸ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਸੀ।
ਪੁਲਿਸ ਅਨੁਸਾਰ ਇਨ੍ਹਾਂ ਦੋਨਾਂ ਨੌਜਵਾਨਾਂ ਦਾ ਸਬੰਧ ਹਰਸਿਮਰਨ ਸਿੰਘ ਸੇਖੋਂ ਉਰਫ਼ ਸਿੰਮਾ ਬਹਿਬਲ ਨਾਲ ਸੀ ਤੇ ਇਹ ਦੋਨੋਂ ਉਸੇ ਦੇ ਕਹਿਣ 'ਤੇ ਸ਼ਹਿਰ 'ਚ ਫਿਰੋਤੀ ਵਸੂਲਣ ਆਏ ਸਨ। ਪੁਲਿਸ ਨੇ ਉਸ ਸਮੇਂ ਕਾਬੂ ਕੀਤੇ ਦੋਨਾਂ ਨੌਜਵਾਨਾਂ ਸਮੇਤ ਗੈਂਗਸਟਰ ਸਿੰਮਾ ਬਹਿਬਲ ਵਿਰੁਧ ਵੀ ਮਾਮਲਾ ਦਰਜ ਕੀਤਾ ਸੀ। ਸਿੰਮਾ ਬਹਿਬਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਏ ਪ੍ਰਗਟਾਵੇ ਉਪਰੰਤ ਪੁਲਿਸ ਨੇ ਵਿਨੈ ਦਿਉੜਾ ਨੂੰ ਇਸ ਕੇਸ 'ਚ ਨਾਮਜ਼ਦ ਕਰ ਕੇ ਪੁਲਿਸ ਰੀਮਾਂਡ 'ਤੇ ਲਿਆਂਦਾ।
ਪੁਲਿਸ ਅਨੁਸਾਰ ਸਿੰਮਾ ਬਹਿਬਲ ਤੇ ਉਸ ਦੇ ਸਾਥੀ ਕੋਟਕਪੂਰੇ ਸ਼ਹਿਰ ਅਤੇ ਆਸ-ਪਾਸ ਦੇ ਕਰੀਬ 15 ਧਨਾਢ ਲੋਕਾਂ ਤੋਂ ਫਿਰੋਤੀ ਵਸੂਲ ਚੁੱਕੇ ਹਨ, ਹਰ ਵਿਅਕਤੀ ਤੋਂ ਲੱਖਾਂ ਰੁਪਏ ਦੀ ਫਿਰੋਤੀ ਮੰਗੀ ਜਾਂਦੀ ਸੀ। ਵਿਨੈ ਦਿਉੜਾ ਨੇ ਸਿੰਮਾ ਬਹਿਬਲ ਨੂੰ ਕੁੱਝ ਅਜਿਹੇ ਲੋਕਾਂ ਦੀ ਸੂਚੀ ਉਪਲਬਧ ਕਰਵਾਈ ਸੀ ਜਿਨ੍ਹਾਂ ਨੂੰ ਅਸਾਨੀ ਨਾਲ ਡਰਾਇਆ ਜਾ ਸਕਦਾ ਸੀ ਤੇ ਉਨ੍ਹਾਂ ਕੋਲ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਜੁਰਅੱਤ ਨਹੀਂ ਸੀ ਹੁੰਦੀ।