
ਨਵੀਂ ਦਿੱਲੀ, 7 ਮਾਰਚ : ਪੀਐਨਬੀ ਧੋਖਾਧੜੀ ਮਾਮਲੇ ਵਿਚ ਲੋਕ ਸਭਾ ਵਿਚ ਪਿਆ ਰੇੜਕਾ ਹਾਲੇ ਜਾਰੀ ਰਹਿ ਸਕਦਾ ਹੈ ਕਿਉਂਕਿ ਮਸਲੇ ਦਾ ਹੱਲ ਕੱਢਣ ਲਈ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਦੁਆਰਾ ਬੁਲਾਈ ਗਈ ਬੈਠਕ ਬੇਨਤੀਜਾ ਰਹੀ। ਵਿਰੋਧੀ ਧਿਰ ਕੰਮ-ਰੋਕੂ ਮਤੇ ਦੀ ਅਪਣੀ ਮੰਗ 'ਤੇ ਕਾਇਮ ਹੈ। ਸਾਰੀਆਂ ਪਾਰਟੀਆਂ ਦੇ ਆਗੂਆਂ ਦੀ ਬੈਠਕ ਵਿਚ ਵਿਰੋਧੀ ਧਿਰ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਬੈਂਕ ਘਪਲੇ ਬਾਰੇ ਚਰਚਾ ਕੰਮ-ਰੋਕੂ ਮਤੇ ਤਹਿਤ ਹੋਵੇ। ਬੈਠਕ ਵਿਚ ਮੌਜੂਦ ਵਿਰੋਧੀ ਧਿਰ ਦੇ ਕੁੱਝ ਆਗੂਆਂ ਨੇ ਕਿਹਾ ਕਿ ਮੁੱਦੇ ਦਾ ਹੱਲ ਨਹੀਂ ਨਿਕਲ ਸਕਿਆ ਕਿਉਂਕਿ ਇਕ ਰਾਏ ਨਹੀਂ ਬਣ ਸਕੀ।
ਵਿਰੋਧੀ ਧਿਰ ਇਸ ਗੱਲ 'ਤੇ ਵੀ ਜ਼ੋਰ ਦੇ ਰਹੀ ਹੈ ਕਿ ਸਦਨ ਵਿਚ ਚਰਚਾ ਉਸ ਨਿਯਮ ਤਹਿਤ ਕਰਾਈ ਜਾਵੇ ਜਿਸ ਵਿਚ ਮਤਦਾਨ ਦੀ ਵਿਵਸਥਾ ਹੋਵੇ। ਕੰਮ-ਰੋਕੂ ਮਤੇ ਤਹਿਤ ਸਦਨ ਵਿਚ ਆਮ ਕੰਮਕਾਰ ਰੋਕਣ ਦੀ ਵਿਵਸਥਾ ਹੈ। ਇਹ ਵਿਵਸਥਾ ਆਸਾਧਾਰਣ ਹਾਲਾਤ ਵਿਚ ਹੁੰਦੀ ਹੈ। ਆਮ ਤੌਰ 'ਤੇ ਸਰਕਾਰ ਇਸ ਨੂੰ ਪ੍ਰਵਾਨ ਕਰਨ ਤੋਂ ਝਿਜਕਦੀ ਹੈ। ਜ਼ਿਕਰਯੋਗ ਹੈ ਕਿ ਬੈਂਕ ਘਪਲੇ ਦੇ ਮਾਮਲੇ ਵਿਚ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਕੁੱਝ ਹੋਰ ਵਿਰੋਧੀ ਪਾਰਟੀਆਂ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਤਿੰਨ ਦਿਨਾਂ ਤੋਂ ਨਹੀਂ ਚੱਲ ਰਹੀ। (ਏਜੰਸੀ)