
ਕੈਪਟਨ ਤੁਰਤ ਸੀ.ਬੀ.ਆਈ ਜਾਂ ਹਾਈ ਕੋਰਟ ਦੇ ਜੱਜ ਕੋਲੋਂ ਨਿਰਪੱਖ ਜਾਂਚ ਕਰਵਾਉਣ : ਖਹਿਰਾ
ਚੰਡੀਗੜ੍ਹ, 26 ਫ਼ਰਵਰੀ (ਨੀਲ ਭਲਿੰਦਰ ਸਿੰਘ): ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਠਿੰਡਾ ਤੇਲ ਰਿਫ਼ਾਇਨਰੀ ਦੇ ਦੂਸਰੇ ਫ਼ੇਜ਼ ਦੇ ਨਿਰਮਾਣ ਕਾਰਜ ਦੌਰਾਨ ਗੁੰਡਾ ਟੈਕਸ ਵਸੂਲੇ ਜਾਣ ਸਬੰਧੀ ਦੋ ਵੱਡੀਆਂ ਕੰਪਨੀਆਂ ਵਲੋਂ ਲਗਾਏ ਗਏ ਦੋਸ਼ਾਂ ਦੀ ਸੀ.ਬੀ.ਆਈ ਜਾਂ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ।
ਖਹਿਰਾ ਨੇ ਕਿਹਾ ਕਿ ਮੈਸਰਜ਼ ਸੈਮ (ਇੰਡੀਆ) ਪ੍ਰਾਈਵੇਟ ਲਿਮਟਿਡ ਅਤੇ ਆਰ.ਐਮ.ਸੀ ਪਲਾਂਟ ਦੇ ਮਾਲਕ ਅਸ਼ੋਕ ਬੰਸਲ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ, ਐਸ.ਐਸ.ਪੀ ਅਤੇ ਚੀਫ਼ ਜਸਟਿਸ ਨੂੰ ਲਿਖਤੀ ਸ਼ਿਕਾਇਤਾਂ ਭੇਜੀਆਂ ਹਨ। ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਅਨੁਸਾਰ ਗੁੰਡਾ ਟੈਕਸ ਵਸੂਲ ਰਹੇ ਮਾਫ਼ੀਆ ਅਤੇ ਕਾਂਗਰਸ ਅਤੇ ਅਕਾਲੀ ਦਲ ਨਾਲ ਸਬੰਧਤ ਆਗੂਆਂ ਦਰਮਿਆਨ ਡੂੰਘੀ ਗੰਢ ਤੁੱਪ ਹੈ।
ਖਹਿਰਾ ਨੇ ਕਿਹਾ ਕਿ ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਬਠਿੰਡਾ ਤੇਲ ਰਿਫ਼ਾਇਨਰੀ ਦੀ ਸਥਾਪਨਾ ਦੇ ਸਮੇਂ ਤੋਂ ਹੀ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ ਪ੍ਰੰਤੂ ਉਕਤ ਗੁੰਡਾ ਟੈਕਸ ਹੌਲੀ ਹੌਲੀ ਵਿਸ਼ਾਲ ਰੂਪ ਧਾਰ ਗਿਆ ਜਦ ਸੱਤਾਧਾਰੀ ਕਾਂਗਰਸ ਪਾਰਟੀ ਨਾਲ ਸਬੰਧਤ ਲੀਡਰਾਂ ਨੇ ਉਪਰੋਕਤ ਕੰਪਨੀਆਂ ਦੀਆਂ ਸ਼ਰੇਆਮ ਬਾਹਾਂ ਮਰੋੜਣੀਆਂ ਸ਼ੁਰੂ ਕਰ ਦਿਤੀਆਂ।
ਗੁੰਡਾ ਟੈਕਸ ਵਿਚ ਨੁਕਸਾਨ ਹੁੰਦਾ ਦੇਖ ਕੇ ਅਮਨ ਸਿੱਧੂ ਨੇ ਰਣਇੰਦਰ ਸਿੰਘ ਦੇ ਅੱਤ ਨਜ਼ਦੀਕੀ ਪਲਵਿੰਦਰ ਉਰਫ਼ ਪੱਪੀ ਆਦਨੀਆ ਤਕ ਪਹੁੰਚ ਕੀਤੀ। ਖਹਿਰਾ ਨੇ ਕਿਹਾ ਕਿ ਉਨ੍ਹਾਂ ਕੋਲ ਪੁਖ਼ਤਾ ਰੀਪੋਰਟ ਹੈ ਕਿ ਅੰਤ ਮੁੱਖ ਮੰਤਰੀ ਦੇ ਬੇਟੇ ਟਿੱਕੂ ਨੇ ਨਿਰਮਾਣ ਸਮੱਗਰੀ ਮੁਹਈਆ ਕਰਵਾਉਣ ਦਾ ਵੱਡਾ ਕੰਮ ਅਮਨ ਸਿੱਧੂ ਨੂੰ ਦਿਤੇ ਜਾਣ ਲਈ ਬਠਿੰਡਾ ਰਿਫ਼ਾਇਨਰੀ ਅਤੇ ਉਕਤ ਨਿਰਮਾਣ ਕੰਪਨੀ ਸੈਮ ਇੰਡੀਆ ਦੇ ਅਧਿਕਾਰੀਆਂ ਉਪਰ ਦਬਾਅ ਬਣਾਇਆ। ਖਹਿਰਾ ਨੇ ਕਿਹਾ ਕਿ ਆਰ.ਐਮ.ਸੀ ਪਲਾਂਟ ਦੇ ਮਾਲਕ ਅਸ਼ੋਕ ਬੰਸਲ ਨੇ ਇਕ ਗੁਰਬਖ਼ਸ਼ ਢਿੱਲੋਂ ਉਰਫ਼ ਜੀਡੀ ਦੇ ਫ਼ੋਨ ਵੀ ਰੀਕਾਰਡ ਕੀਤੇ ਹਨ ਜਿਨ੍ਹਾਂ ਵਿਚ ਕਿ ਉਹ ਉਨ੍ਹਾਂ ਨੂੰ ਡਰਾਅ ਧਮਕਾ ਰਿਹਾ ਹੈ ਅਤੇ ਦਾਅਵਾ ਕਰ ਰਿਹਾ ਹੈ ਕਿ ਗੁੰਡਾ ਟੈਕਸ ਵਸੂਲਣ ਲਈ ਉਨ੍ਹਾਂ ਨੂੰ ਸੀ.ਐਮ ਹਾਊਸ ਵਲੋਂ ਹਮਾਇਤ ਪ੍ਰਾਪਤ ਹੈ। ਖਹਿਰਾ ਨੇ ਮੰਗ ਕੀਤੀ ਕਿ ਹੁਣ ਜਦ ਸ਼ੱਕ ਦੀ ਸੂਈ ਸਿੱਧੇ ਤੌਰ 'ਤੇ ਮੁੱਖ ਮੰਤਰੀ ਦੇ ਬੇਟੇ ਵਲ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਸੱਚ ਸਾਹਮਣੇ ਲਿਆਉਣ ਲਈ ਸੀ.ਬੀ.ਆਈ ਜਾਂ ਹਾਈ ਕੋਰਟ ਦੇ ਕਿਸੇ ਵੀ ਮੌਜੂਦਾ ਜੱਜ ਕੋਲੋਂ ਨਿਰਪੱਖ ਜਾਂਚ ਕਰਵਾਏ ਜਾਣ ਦੇ ਹੁਕਮ ਦਿਤੇ ਜਾਣੇ ਚਾਹੀਦੇ ਹਨ।