ਚੰਡੀਗੜ੍ਹ, 10 ਅਕਤੂਬਰ (ਜੀ.ਸੀ. ਭਾਰਦਵਾਜ): ਭਾਜਪਾ ਆਗੂ ਵਿਨੋਦ ਖੰਨਾ ਦੀ ਮੌਤ ਉਪਰੰਤ ਖ਼ਾਲੀ ਹੋਈ ਗੁਰਦਾਸਪੁਰ ਲੋਕ ਸਭਾ ਸੀਟ ਲਈ ਮਹੀਨੇ ਭਰ ਦਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਬੰਦ ਹੋ ਗਿਆ ਅਤੇ ਭਲਕੇ 15,23,000 ਵੋਟਰਾਂ ਲਈ ਵੋਟਾਂ ਪਾਉਣ ਦਾ ਕੰਮ ਸਵੇਰੇ ਅੱਠ ਵਜੇ ਤੋਂ ਸ਼ਾਮ ਪੰਜ ਵਜੇ ਤਕ ਦੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਅਨੁਸਾਰ 1781 ਪੋਲਿੰਗ ਬੂਥਾਂ ਲਈ ਸਿਵਲ ਅਤੇ ਸੁਰੱਖਿਆ ਸਟਾਫ਼ ਅੱਜ ਹਰ ਥਾਂ 'ਤੇ ਪਹੁੰਚ ਚੁੱਕਾ ਹੈ। ਵੀ.ਕੇ. ਸਿੰਘ ਨੇ ਦਸਿਆ ਕਿ ਕੁਲ 50 ਕੰਪਨੀਆਂ ਜਿਨ੍ਹਾਂ ਵਿਚ 10 ਪੀਏਪੀ ਅਤੇ 40 ਕੇਂਦਰੀ ਬਲਾਂ ਦੇ ਜਵਾਨ ਸ਼ਾਮਲ ਹਨ, ਸਾਰੇ ਬੂਥਾਂ ਤੇ ਪੋਲਿੰਗ ਸਟੇਸ਼ਨਾਂ 'ਤੇ ਤੈਨਾਤ ਕੀਤੇ ਹਨ।ਗੁਰਦਾਸਪੁਰ ਲੋਕ ਸਭਾ ਸੀਟ ਜਿਸ ਵਿਚ 9 ਅਸੈਂਬਲੀ ਹਲਕੇ ਪੈਂਦੇ ਹਨ, ਦੀ ਇਹ ਜ਼ਿਮਨੀ ਚੋਣ ਕੇਂਦਰ ਦੀ ਭਾਜਪਾ ਅਤੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਛੇ ਮਹੀਨੇ ਦੀ ਕਾਰਗੁਜ਼ਾਰੀ ਦਾ ਟੈਸਟ ਹੈ। ਸਿਆਸੀ ਮਾਹਰਾਂ ਅਨੁਸਾਰ, ਭਾਵੇਂ ਇਹ ਚੋਣ ਸਿਰਫ਼ ਰਹਿੰਦੇ 18 ਮਹੀਨੇ ਦੀ ਬਚੀ ਟਰਮ ਲਈ ਹੈ ਪਰ ਇਸ ਦੀ ਜਿੱਤ ਜਾਂ ਹਾਰ 2019 ਦੀਆਂ ਲੋਕ ਸਭਾ ਆਮ ਚੋਣਾਂ ਅਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਰੁਝਾਨ ਦੀ ਪ੍ਰਤੀਕ ਹੋਵੇਗੀ।

ਜ਼ਿਕਰਯੋਗ ਹੈ ਕਿ ਮਹੀਨੇ ਭਰ ਦੇ ਪ੍ਰਚਾਰ ਦੌਰਾਨ ਸੱਤਾਧਾਰੀ ਕਾਂਗਰਸ ਸਰਕਾਰ ਨੇ ਅਪਣੇ ਸੱਤ ਜੇਤੂ ਵਿਧਾਇਕਾਂ ਜਿਨ੍ਹਾਂ ਵਿਚ ਦੋ ਮੰਤਰੀ ਅਰੁਣਾ ਚੌਧਰੀ ਤੇ ਤ੍ਰਿਪਤ ਬਾਜਵਾ ਸ਼ਾਮਲ ਹਨ, ਰਾਹੀਂ ਮੁੱਖ ਮੰਤਰੀ ਦੀ ਅਗਵਾਈ ਵਿਚ ਜ਼ੋਰ-ਜ਼ੋਰ ਨਾਲ ਪ੍ਰਚਾਰ ਕੀਤਾ ਅਤੇ ਕਾਂਗਰਸੀ ਆਗੂ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਹੱਕ ਵਿਚ ਵੋਟਰਾਂ ਨੂੰ ਭੁਗਤਣ ਲਈ ਕਿਹਾ। ਦੂਜੇ ਪਾਸੇ ਕੁਲ 9 ਅਸੈਂਬਲੀ ਹਲਕਿਆਂ ਵਿਚੋਂ 2017 ਦੀਆਂ ਚੋਣਾਂ ਵਿਚ ਸਿਰਫ਼ ਇਕ ਹਲਕੇ ਤੇ ਜੇਤੂ ਰਹਿਣ ਵਾਲੀ ਭਾਜਪਾ ਨੇ ਅਪਣੇ ਕੇਂਦਰੀ ਤੇ ਸੂਬੇ ਦੇ ਨੇਤਾਵਾਂ ਸਮੇਤ ਪ੍ਰਧਾਨ ਵਿਜੈ ਸਾਂਪਲਾ ਦੀ ਅਗਵਾਈ ਵਿਚ ਉਮੀਦਵਾਰ ਸਵਰਨ ਸਲਾਰੀਆ ਦੇ ਹੱਕ ਵਿਚ ਕਾਫ਼ੀ ਪ੍ਰਚਾਰ ਕੀਤਾ। ਤੀਜੀ ਧਿਰ ਆਮ ਆਦਮੀ ਪਾਰਟੀ ਦਾ ਸੇਵਾ ਮੁਕਤ ਜਰਨੈਲ ਸੁਰੇਸ਼ ਖਜੂਰੀਆ ਦਾ ਬੋਲਬਾਲਾ ਵੀ ਠੀਕ ਹੀ ਰਿਹਾ ਕਿਉਂਕਿ 'ਆਪ' ਦੇ ਲੀਡਰ ਸ. ਸੁਖਪਾਲ ਖਹਿਰਾ ਤੇ ਭਗਵੰਤ ਮਾਨ ਨੇ ਹੀ ਇਕੱਲਿਆਂ ਭੂਮਿਕਾ ਨਿਭਾਈ।

ਭਾਜਪਾ ਦੀ ਭਾਈਵਾਲ ਤੇ ਗਠਜੋੜ ਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਨੇਤਾਵਾਂ ਨੇ ਭਾਵੇਂ ਅੱਡੀ-ਚੋਟੀ ਦਾ ਜ਼ੋਰ ਲਾਇਆ ਪਰ ਸੁੱਚਾ ਸਿੰਘ ਲੰਗਾਹ ਸਬੰਧੀ ਅਸ਼ਲੀਲ ਫ਼ੋਟੋਆਂ ਜਾਰੀ ਹੋਣ ਨਾਲ ਕੁੱਝ ਧੱਕਾ ਜ਼ਰੂਰ ਲੱਗਾ ਹੈ। ਭਲਕੇ ਹੋਣ ਵਾਲੀਆਂ ਚੋਣਾਂ ਲਈ 3500 ਤੋਂ ਵੱਧ ਇਲੈਕਟ੍ਰਾਨਿਕ ਵੋਟਰ ਮਸ਼ੀਨਾਂ ਸੈੱਟ ਕੀਤੀਆਂ ਹਨ ਜਿਨ੍ਹਾਂ ਵਿਚ 3241 ਵੀਵੀਪੈਟ ਅਤੇ 180 ਵੈੱਬਕਾਸਟਿੰਗ ਤੇ ਹੋਰ ਸਿਸਟਮ ਲਗਾਏ ਗਏ ਹਨ ਕੁਲ 1781 ਪੋਲਿੰਗ ਬੂਥਾਂ ਵਿਚੋਂ 457 ਸੰਵੇਦਨਸ਼ੀਲ ਤੇ 83 ਅਤਿਸੰਵੇਦਨਸ਼ੀਲ ਐਲਾਨੇ ਗਏ ਹਨ ਜਿਥੇ ਵਾਧੂ ਸੁਰੱਖਿਆ ਅਮਲਾ ਤੈਨਾਤ ਕੀਤਾ ਗਿਆ ਹੈ। ਭਲਕੇ ਹੋਣ ਵਾਲੀਆਂ ਚੋਣਾਂ ਦੀ ਗਿਣਤੀ 15 ਅਕਤੂਬਰ ਐਤਵਾਰ ਨੂੰ ਹੋਵੇਗੀ।
end-of