
ਅਬੋਹਰ: ਏਸ਼ੀਆ ਦੀ ਸਭ ਤੋਂ ਵੱਡੀ ਓਪਨ ਸੈਂਚੂਰੀ ਵਿੱਚ ਅਵਾਰਾ ਕੁੱਤਿਆਂ ਅਤੇ ਕੋਬਰਾ ਤਾਰਾਂ ਕਾਰਨ ਆਏ ਦਿਨ ਹਿਰਨਾਂ ਅਤੇ ਨੀਲ ਗਾਵਾਂ ਦੇ ਮਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਦ ਕਿ ਪ੍ਰਸ਼ਾਸਨ ਵੱਲੋਂ ਕੋਬਰਾ ਤਾਰਾਂ ਹਟਾਉਣ ਅਤੇ ਅਵਾਰਾ ਕੁੱਤਿਆਂ ਦੇ ਕਾਬੂ ਪਾਉਣ ਲਈ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ। ਬੀਤੀ ਰਾਤ ਵੀ ਕੋਬਰਾ ਤਾਰਾਂ ਨਾਲ ਜ਼ਖ਼ਮੀ ਹੋਈ ਨੀਲ ਗਾਂ ਨੂੰ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਦਿਤਾ।
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਰਣਜੀਤ ਚੌਹਾਨ ਨੇ ਦਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਹਨੂੰਮਾਨਗਡ਼੍ਹ ਰੋਡ ਸਥਿਤ ਰਾਧਾ ਸਵਾਮੀ ਡੇਰੇ ਸਾਹਮਣੇ ਬਣੀ ਢਾਣੀ ਵਿਚ ਇਕ ਨੀਲ ਗਾਂ ਕੋਬਰਾ ਤਾਰਾਂ ਦੀ ਲਪੇਟ ਵਿਚ ਆ ਕੇ ਜ਼ਖ਼ਮੀ ਹੋ ਗਈ ਹੈ। ਜਦੋਂ ਉਹ ਟੀਮ ਸਮੇਤ ਮੌਕੇ ਤੇ ਪੁੱਜੇ ਤਾਂ ਵੇਖਿਆ ਕਿ ਉਕਤ ਗਾਂ ਨੂੰ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਦਿਤਾ ਸੀ। ਉਨ੍ਹਾਂ ਨੇ ਉਕਤ ਜਾਣਕਾਰੀ ਬਿਸ਼ਨੋਈ ਭਾਈਚਾਰੇ ਦੇ ਆਗੂਆਂ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਦੇ ਦਿਤੀ।