
ਬੱਚੀ ਨੂੰ ਬਚਾਉਂਦਿਆਂ ਪਿਤਾ ਅਤੇ ਦਾਦਾ ਦੀ ਮੌਤ
Australia News: ਗੋਲਡ ਕੋਸਟ: ਆਸਟਰੇਲੀਆ ਵਾਸੀ ਪੰਜਾਬੀ ਮੂਲ ਦੇ ਇਕ ਪ੍ਰਵਾਰ ਨਾਲ ਮੰਦਭਾਗਾ ਹਾਦਸਾ ਵਾਪਰਿਆ ਜਿਸ ’ਚ ਡੁੱਬਣ ਕਾਰਨ ਧਰਮਵੀਰ ‘ਸੰਨੀ’ ਸਿੰਘ ਅਤੇ ਗੁਰਜਿੰਦਰ ਸਿੰਘ (65) ਦੀ ਮੌਤ ਹੋ ਗਈ। ਵਿਕਟੋਰੀਆ ’ਚ ਕਲਾਇਡ ਨੌਰਥ ਦਾ ਰਹਿਣ ਵਾਲਾ ਇਹ ਪਰਵਾਰ ਛੁੱਟੀਆਂ ਮਨਾਉਣ ਲਈ ਆਸਟਰੇਲੀਆ ਦੀ ਮਸ਼ਹੂਰ ਸੈਰ-ਸਪਾਟੇ ਵਾਲੀ ਥਾਂ ਗੋਲਡ ਕੋਸਟ ਦੇ ਸਰਫ਼ਰਜ਼ ਪੈਰਾਡਾਈਜ਼ ਹੋਟਲ ’ਚ ਠਹਿਰਿਆ ਸੀ।
ਧਰਮਵੀਰ ਸਿੰਘ ਦੀ ਦੋ ਸਾਲ ਦੀ ਬੱਚੀ ਐਤਵਾਰ ਸ਼ਾਮ 7 ਕੁ ਵਜੇ ਖੇਡਦੀ ਹੋਈ ਇਕ ਹੋਟਲ ਦੀ ਛੱਤ ’ਤੇ ਬਣੇ ਸਵੀਮਿੰਗ ਪੂਲ (ਤਰਨ ਤਾਲ) ’ਚ ਡਿੱਗ ਪਈ ਜਿਸ ਨੂੰ ਬਚਾਉਣ ਲਈ ਧਰਮਵੀਰ ਸਿੰਘ ਅਤੇ ਉਸ ਦੇ ਪਿਤਾ ਗੁਰਜਿੰਦਰ ਸਿੰਘ ਨੇ ਵੀ ਪੂਲ ’ਚ ਛਾਲ ਮਾਰ ਦਿਤੀ। ਦੋਹਾਂ ਨੇ ਬੱਚੀ ਨੂੰ ਬਚਾ ਲਿਆ ਪਰ ਖ਼ੁਦ ਪਾਣੀ ਡੂੰਘਾ ਹੋਣ ਕਾਰਨ ਡੁੱਬ ਗਏ। ਪੂਲ ਦੇ ਨੇੜੇ ਖੜੇ ਲੋਕਾਂ ਨੇ ਦੋਹਾਂ ਨੂੰ ਪਾਣੀ ’ਚੋਂ ਕਢਿਆ ਪਰ ਉਦੋਂ ਤਕ ਬਹੁਤ ਦੇਰ ਹੋ ਚੁਕੀ ਸੀ ਅਤੇ ਮੁਢਲਾ ਉਪਚਾਰ (ਸੀ.ਪੀ.ਆਰ.) ਕਰਨ ਦੇ ਬਾਵਜੂਦ ਦੋਹਾਂ ਦੀ ਜਾਨ ਨਹੀਂ ਬਚ ਸਕੀ ਅਤੇ ਮੌਕੇ ’ਤੇ ਹੀ ਦੋਹਾਂ ਦੀ ਦਿਲ ਦਾ ਦੌਰਾ ਪੈਣ ਤੋਂ ਬਾਅਦ ਮੌਤ ਹੋ ਗਈ।
ਧਰਮਵੀਰ ਸਿੰਘ ਦੀ ਪਤਨੀ ਸਦਮੇ ’ਚ ਹੈ ਅਤੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪਰਵਾਰ ਦੇ ਮਿੱਤਰ ਕਰਨ ਢਿੱਲੋਂ ਨੇ ਕਿਹਾ ਕਿ ਧਰਮਵੀਰ ਸਿੰਘ ਬਹੁਤ ਚੰਗਾ ਨਿਮਰ ਵਿਅਕਤੀ ਸੀ, ਜੋ ਹਮੇਸ਼ਾ ਖੁਸ਼ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਵੱਡਾ ਝਟਕਾ ਹੈ।
ਉਸ ਨੇ ਕਿਹਾ, ‘‘ਮੈਂ ਉਸ ਦੀ ਪਤਨੀ ਨਾਲ ਇਕ ਭਰਾ ਵਜੋਂ ਵਾਅਦਾ ਕੀਤਾ ਹੈ ਕਿ ਅਸੀਂ ਉਸ ਦੀ ਹਰ ਮਦਦ ਕਰਾਂਗੇ, ਕਿਉਂਕਿ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਦੋ ਜੀਆਂ ਨੂੰ ਗੁਆ ਦਿੱਤਾ ਹੈ।’’ ਪੁਲਿਸ ਮਾਮਲ ਦੀ ਜਾਂਚ ਕਰ ਰਹੀ ਹੈ।