
ਉਚੇਰੀ ਪੜ੍ਹਾਈ ਲਈ ਪੰਜ ਸਾਲ ਪਹਿਲਾਂ ਗਿਆ ਸੀ ਵਿਦੇਸ਼
ਹੁਸ਼ਿਆਰਪੁਰ ਦੇ ਪਿੰਡ ਚੰਦੇਲੀ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਹੁਸ਼ਿਆਰਪੁਰ : ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਮੋਹਿਤ ਸ਼ਰਮਾ ਵਜੋਂ ਹੋਈ ਹੈ ਜੋ ਕਿ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਸਥਿਤ ਪਿੰਡ ਚੰਦੇਲੀ ਦਾ ਰਹਿਣ ਵਾਲਾ ਸੀ।
ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪੰਜ ਸਾਲ ਪਹਿਲਾਂ ਉਚੇਰੀ ਪੜ੍ਹਾਈ ਲਈ ਕੈਨੇਡਾ ਗਿਆ ਸੀ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਤੋਂ ਪੁਲਿਸ ਮੁਲਾਜ਼ਮਾਂ ਨੇ ਫੋਨ ਕਰ ਕੇ ਨੌਜਵਾਨ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਹੈ। ਮੋਹਿਤ ਸ਼ਰਮਾ ਦੇ ਪਿਤਾ ਤ੍ਰਿਲੋਕ ਨਾਥ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਦੇ ਉਨਟਾਰੀਓ ਸੂਬੇ ਵਿੱਚ ਰਹਿੰਦਾ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੜ੍ਹਾਈ ਪੂਰੀ ਕਰਨ ਪਿਛੋਂ ਮੋਹਿਤ ਨੇ ਪੀਆਰ ਲਈ ਅਪਲਾਈ ਕੀਤਾ ਹੋਇਆ ਸੀ ਤੇ ਪਰਿਵਾਰ ਨਾਲ ਉਸ ਦੀ ਰੋਜ਼ਾਨਾ ਗੱਲਬਾਤ ਹੁੰਦੀ ਸੀ। ਉਨ੍ਹਾਂ ਕਿਹਾ ਕਿ ਮੋਹਿਤ ਸ਼ਰਮਾ ਦੇ ਦੋਸਤਾਂ ਨੇ ਵੀ ਮੋਹਿਤ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕ ਦਾ ਪਿਤਾ ਕੈਨੇਡਾ ਜਾਣ ਲਈ ਜ਼ਰੂਰੀ ਕਾਗਜ਼ਾਤ ਤਿਆਰ ਕਰਵਾ ਰਿਹਾ ਹੈ। ਪੁੱਤਰ ਦੀ ਮੌਤ ਨਾਲ ਪੂਰੇ ਪਰਿਵਾਰ ਵਿਚ ਸੋਗ ਦੀ ਲਹਿਰ ਹੈ।