
ਯੂਨਾਈਟਡ ਸਿੱਖਜ਼ ਅਤੇ ਹੌਰੋ ਮੰਦਰ ਦੇ ਸਾਂਝੇ ਯਤਨਾਂ ਨਾਲ 30 ਅਕਤੂਬਰ ਨੂੰ ਹੋਇਆ ਸਮਾਗਮ
ਲੰਡਨ : ਯੂਨਾਈਟਡ ਸਿੱਖਜ਼ ਅਤੇ ਹੌਰੋ ਮੰਦਰ ਦੇ ਸਾਂਝੇ ਯਤਨਾਂ ਨਾਲ 30 ਅਕਤੂਬਰ ਨੂੰ ਇੰਗਲੈਂਡ ਸਥਿਤ ਵਿਦੇਸ਼ੀ ਅਤੇ ਰਾਸ਼ਟਰਮੰਡਲ ਵਿਕਾਸ ਦਫ਼ਤਰ ਨੇ ਲੈਂਕਾਸਟਰ ਹਾਊਸ ਲੰਡਨ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਧੂਮ-ਧੜੱਕੇ ਨਾਲ ਮਨਾਈ।
ਸਮਾਗਮ ਦੀ ਪ੍ਰਧਾਨਗੀ ਇੰਡੋ-ਪੈਸੀਫਿਕ ਮੰਤਰੀ ਕੈਥਰੀਨ ਵੈਸਟ ਐਮ.ਪੀ. ਨੇ ਕੀਤੀ। ਸਮਾਗਮ ’ਚ ਭਾਰਤ ਦੇ ਅਮੀਰ ਸਭਿਆਚਾਰ ਅਤੇ ਵਿਰਸੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ, ਜਿਸ ’ਚ ਪੰਜਾਬ ਦੇ ਭੰਗੜੇ ਤੋਂ ਲੈ ਕੇ ਦੱਖਣ ਭਾਰਤ ਦੇ ਭਰਤਨਾਟਿਅਮ ਤਕ ਨ੍ਰਿਤ ਪੇਸ਼ਕਾਰੀ ਸ਼ਾਮਲ ਸੀ। ਕੈਥਰੀਨ ਵੈਸਟ ਨੇ ਵੀ ਸੰਗੀਤ ਦਾ ਭਰਪੂਰ ਆਨੰਦ ਲਿਆ ਅਤੇ ਉਨ੍ਹਾਂ ਨੂੰ ਇਸ ਦੌਰਾਨ ਨੱਚਦਿਆਂ ਵੀ ਵੇਖਿਆ ਗਿਆ। ਉਨ੍ਹਾਂ ਹਿੰਦੂਆਂ ਅਤੇ ਸਿੱਖਾਂ ਨੂੰ ਵਧਾਈ ਦਿੰਦਿਆਂ ਭਾਰਤ ਸਰਕਾਰ ਵਲੋਂ ਡਿਜੀਟਲ ਇੰਡੀਆ ਦੇ ਅਰੰਭੇ ਯਤਨਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਭਾਈਚਾਰੇ ਵਲੋਂ ਬਰਤਾਨੀਆ 'ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।
(ਖੱਬਿਉਂ ਸੱਜੇ) ਸੋਸ਼ਲ ਸਰਵੀਸਿਜ਼ ਯੂ.ਕੇ. ਦੇ ਡਾਇਰੈਕਟਰ ਨਰਪਿੰਦਰ ਕੌਰ ਮਾਨ, ਇੰਡੋ-ਪੈਸੇਫਿਕ ਮੰਤਰੀ ਕੈਥਰੀਨ ਵੈਸਟ, ਭਾਈ ਮਹਿੰਦਰ ਸਿੰਘ ਅਤੇ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ।
ਇਸ ਮੌਕੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨੇ ਸਿੱਖ ਇਤਿਹਾਸ 'ਚ ਬੰਦੀ ਛੋੜ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਹਿੰਦੂ ਭਾਈਚਾਰੇ ਵਲੋਂ ਹੌਰੋ ਮੰਦਰ ਦੇ ਐਚ.ਐਚ. ਗੁਰੂਜੀ ਨੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ। ਸੋਸ਼ਲ ਸਰਵੀਸਿਜ਼ ਯੂ.ਕੇ. ਦੇ ਡਾਇਰੈਕਟਰ ਨਰਪਿੰਦਰ ਕੌਰ ਮਾਨ ਬੀ.ਈ.ਐਮ. ਨੇ ਵੀ ਵਿਸ਼ੇਸ਼ ਤੌਰ ’ਤੇ ਸਮਾਗਮ ’ਚ ਸ਼ਿਰਕਤ ਕੀਤੀ।
ਸਮਾਗਮ ’ਚ ਹੋਰਨਾਂ ਤੋਂ ਇਲਾਵਾ ਯੂ.ਕੇ. 'ਚ ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ, ਡਿਪਟੀ ਹਾਈ ਕਮਿਸ਼ਨਰ, ਕੋਆਰਡੀਨੇਟਰ ਮਨਿਸਟਰ ਦੀਪਕ ਚੌਧਰੀ, ਬਰਿੰਦਰ ਕੇਸਲ, ਐਫ ਸੀ.ਡੀ.ਓ. ਤੋਂ ਸ਼ਕੀਲ ਮੁੱਲਾਂ, ਹਿਊਗੋ ਵਾਰਲੀ ਐਫ ਸੀ.ਡੀ.ਓ. ਦੇ ਭਾਰਤੀ ਮਾਮਲਿਆਂ ਬਾਰੇ ਸਾਰੇ ਸੀਨੀਅਰ ਅਧਿਕਾਰੀ, ਯੁਨਾਈਟਿਡ ਸਿੱਖ ਵਲੋਂ ਨਰਪਿੰਦਰ ਕੌਰ ਮਾਨ ਬੀ.ਈ.ਐਮ., ਗਾਇਕ ਚੰਨੀ ਸਿੰਘ, ਲਾਰਡ ਬਿਲਮੋਰੀਆ, ਲਾਰਡ ਕੁਲਦੀਪ ਸਿੰਘ ਸਹੋਤਾ, ਗੁਰਵਿੰਦਰ ਸੰਧਰ, ਨਵੀਨ ਸਿੰਗਲਾ ਡੀ.ਆਈ ਜੀ. ਜਲੰਧਰ, ਜਸ ਔਲਖ ਭੰਗੜਾ ਗਰੁੱਪ, ਤੇਜਪਾਲ ਟੋਨੀ ਅਲਾਪ ਗਰੁੱਪ ਦੇ ਚੰਨੀ ਸਿੰਘ ਵੀ ਸ਼ਾਮਿਲ ਹੋਏ।
ਸਮਾਗਮ 'ਚ ਵਿਦੇਸ਼ੀ ਕਾਮਨਵੈਲਥ ਅਤੇ ਵਿਕਾਸ ਦਫ਼ਤਰ (FCDO) ਦੇ ਅਧਿਕਾਰੀ ਵੀ ਹਾਜ਼ਰ ਸਨ ਜਿਨ੍ਹਾਂ ’ਚ FCDO ਦੇ ਭਾਰਤੀ ਵਿਭਾਗ ਦੇ ਡਾਇਰੈਕਟਰ ਬੈੱਨ ਮਿੱਲਰ, ਉਪ ਡਾਇਰੈਕਟਰ ਰੋਜ਼ੀ ਗਰੀਵਸ, ਉਪ ਮੁਖੀ ਸ਼ਕੀਲ ਮੁੱਲਾਂ, ਨੀਤੀ ਅਫ਼ਸਰ ਬਰਿੰਦਰ ਸੱਲ, ਨੀਤੀ ਅਫ਼ਸਰ ਹਿਊਗੋ ਵੈਰਿਲੀ ਸ਼ਾਮਲ ਸਨ।