
ਮੁਕਤਸਰ ਵਿਚ ਜੰਮੇ ਦਲਜੀਤ ਬਰਾੜ 2010 ’ਚ ਗਏ ਸਨ ਕੈਨੇਡਾ
Diljeet Brar News: ਪੰਜਾਬੀ ਮੂਲ ਦੇ ਕੈਨੇਡੀਅਨ ਸਿਆਸਤਦਾਨ ਦਿਲਜੀਤ ਬਰਾੜ ਮੈਨੀਟੋਬਾ ਵਿਧਾਨ ਸਭਾ ’ਚ ਸਪੀਕਰ ਦੀ ਕੁਰਸੀ ’ਤੇ ਬੈਠਣ ਵਾਲੇ ਪਹਿਲੇ ਦਸਤਾਰਧਾਰੀ ਵਿਅਕਤੀ ਬਣ ਗਏ ਹਨ।
ਮੁਕਤਸਰ ਦੇ ਪਿੰਡ ਭੰਗਚਾਰੀ ’ਚ ਜੰਮੇ ਦਲਜੀਤ ਬਰਾੜ 2010 ’ਚ ਕੈਨੇਡਾ ਗਏ ਸਨ। ਕੈਨੇਡਾ ਦੇ ਬਰੋਜ਼ ਤੋਂ ਦੂਜੀ ਵਾਰ ਵਿਧਾਇਕ ਬਣੇ 48 ਸਾਲ ਦੇ ਦਿਲਜੀਤ ਨੇ 29 ਨਵੰਬਰ ਨੂੰ ਸਹਾਇਕ ਡਿਪਟੀ ਸਪੀਕਰ ਦੀ ਡਿਊਟੀ ਨਿਭਾਈ ਸੀ। ਮੀਡੀਆ ਨਾਲ ਗੱਲਬਾਤ ’ਚ ਮੁਕਤਸਰ ਸ਼ਹਿਰ ’ਚ ਰਹਿੰਦੇ ਦਿਲਜੀਤ ਦੇ ਪਿਤਾ ਮੰਗਲ ਸਿੰਘ ਨੇ ਕਿਹਾ, ‘‘ਇਹ ਸਾਡੇ ਪ੍ਰਵਾਰ ਲਈ ਮਾਣ ਵਾਲੀ ਗੱਲ ਹੈ ਕਿ ਦਿਲਜੀਤ ਪਹਿਲਾ ਦਸਤਾਰਧਾਰੀ ਵਿਅਕਤੀ ਹੈ ਜੋ ਵਿਧਾਨ ਸਭਾ ’ਚ ਸਪੀਕਰ ਦੀ ਕੁਰਸੀ ’ਤੇ ਬੈਠ ਕੇ ਕਾਰਵਾਈ ਚਲਾ ਰਿਹਾ ਹੈ। ਦਿਲਜੀਤ 2010 ’ਚ ਕੈਨੇਡਾ ਗਿਆ ਸੀ ਅਤੇ ਉਸ ਤੋਂ ਬਾਅਦ 2020 ’ਚ ਸਿਰਫ਼ ਇਕ ਵਾਰ ਭਾਰਤ ਆਇਆ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਉਸ ਨੇ ਉਥੇ ਥੋੜ੍ਹੇ ਸਮੇਂ ’ਚ ਅਪਣੇ ਲਈ ਇਕ ਥਾਂ ਬਣਾਈ ਹੈ। ਦਿਲਜੀਤ ਅਤੇ ਉਸ ਦੀ ਪਤਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਿਦਿਆਰਥੀ ਹਨ। ਉਸ ਨੇ ਉੱਥੇ ਸਹਾਇਕ ਪ੍ਰੋਫ਼ੈਸਰ ਵਜੋਂ ਵੀ ਸੇਵਾ ਨਿਭਾਈ।’’ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਦਿਲਜੀਤ ਨੇ ਪਿਛਲੇ ਸਾਲ ਵਿਧਾਨ ਸਭਾ ਵਿਚ ਇਕ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕੀਤਾ ਸੀ, ਜੋ ਬਿਨਾਂ ਕਿਸੇ ਵਿਰੋਧ ਦੇ ਦਸਤਾਰ ਦਿਵਸ ਐਕਟ ਬਣ ਗਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਹਰ ਸਾਲ 13 ਅਪ੍ਰੈਲ ਨੂੰ ਸੂਬੇ ਭਰ ਵਿਚ ਦਸਤਾਰ ਦਿਵਸ ਵਜੋਂ ਮਨਾਇਆ ਜਾਵੇਗਾ।
ਦਿਲਜੀਤ ਵਿਨੀਪੈਗ ਸਥਿਤ ਸੰਸਥਾ ਬੁਲਾ ਆਰਟਸ ਇੰਟਰਨੈਸ਼ਨਲ (ਬੀ.ਏ.ਆਈ.) ਦੇ ਡਾਇਰੈਕਟਰ ਵਜੋਂ ਵੀ ਕੰਮ ਕਰਦਾ ਹੈ, ਜੋ ਪੰਜਾਬੀ ਕਲਾਵਾਂ ਅਤੇ ਸਭਿਆਚਾਰ ’ਚ ਵਿਦਿਅਕ ਪ੍ਰੋਗਰਾਮ ਪੇਸ਼ ਕਰਦੀ ਹੈ।
(For more news apart from Diljeet Brar elected Speaker in Canada’s Manitoba Assembly, stay tuned to Rozana Spokesman)