
ਡੰਕਰਾਂ ਨੇ ਹਰਿਆਣਾ ਦੇ ਤਿੰਨ ਨੌਜਵਾਨਾਂ ਨੂੰ ਤਸੀਹੇ ਦੇ ਕੇ ਮਾਰਿਆ
Kapurthala Youth Sent to America by Agents gets Stuck in Colombia ਜਲੰਧਰ, ਏਜੰਟਾਂ ਵਲੋਂ ਅਮਰੀਕਾ ਭੇਜਣ ਦਾ ਵਾਅਦਾ ਕਰ ਕੇ ਡੰਕਰਾਂ ਹਵਾਲੇ ਕੀਤਾ ਗਿਆ ਕਪੂਰਥਲਾ ਦਾ 25 ਸਾਲਾ ਬਲਵਿੰਦਰ ਸਿੰਘ ਕੋਲੰਬੀਆ ਵਿਚ ਫਸਿਆ ਹੋਇਆ ਹੈ। ਪਿਛਲੇ ਸਾਲ ਉਹ ਕੋਲੰਬੀਆ ਦੇ ਖ਼ਤਰਨਾਕ ਜੰਗਲਾਂ ਵਿਚ ਡੰਕਰਾਂ ਤੋਂ ਤਾਂ ਬਚ ਨਿਕਲਿਆ ਸੀ ਪਰ ਉਸ ਨੂੰ ਦੇਸ਼ ਵਾਪਸ ਆਉਣ ਵਿਚ ਮੁਸ਼ਕਲ ਆ ਰਹੀ ਹੈ।
ਕਪੂਰਥਲਾ ਦੇ ਬਾਜਾ ਪਿੰਡ ਦੇ ਰਹਿਣ ਵਾਲੇ ਬਲਵਿੰਦਰ ਦੇ ਪਰਵਾਰ ਨੇ ਦਸਿਆ ਕਿ ਡੰਕਰਾਂ ਤੋਂ ਬਚਣ ਮਗਰੋਂ ਪੰਜ ਮਹੀਨੇ ਬਾਅਦ ਉਨ੍ਹਾਂ ਦਾ ਉਸ ਨਾਲ ਸੰਪਰਕ ਹੋਇਆ। ਬਲਵਿੰਦਰ ਨੇ ਪਰਵਾਰ ਨੂੰ ਫ਼ੋਨ ’ਤੇ ਦਸਿਆ ਕਿ ਏਜੰਟਾਂ ਨੇ ਉਸ ਨੂੰ ਸਹੀ ਰਸਤੇ ਅਮਰੀਕਾ ਭੇਜਣ ਦੀ ਥਾਂ ਕੋਲੰਬੀਆਂ ਵਿਚ ਹਰਿਆਣਾ ਦੇ ਅੰਬਾਲਾ ਅਤੇ ਪਾਣੀਪਤ ਦੇ ਰਹਿਣ ਵਾਲੇ ਚਾਰ ਹੋਰ ਨੌਜਵਾਨਾਂ ਨਾਲ ਡੰਕਰਾਂ ਹਵਾਲੇ ਕਰ ਦਿਤਾ, ਜਿੱਥੇ ਉਨ੍ਹਾਂ ਨੂੰ ਲਗਭਗ ਪੰਜ ਮਹੀਨੇ ਬੰਦੀ ਬਣਾ ਕੇ ਰੱਖਿਆ ਗਿਆ। ਉਸ ਨੇ ਦਸਿਆ ਕਿ ਡੰਕਰਾਂ ਨੇ ਇਨ੍ਹਾਂ ’ਚੋ ਤਿੰਨ ਨੌਜਵਾਨਾਂ ਨੂੰ ਤਸੀਹੇ ਦੇ ਕੇ ਮਾਰ ਦਿਤਾ।
ਡੰਕਰਾਂ ਵਲੋਂ ਉਨ੍ਹਾਂ ਦੇ ਪਰਿਵਾਰਾਂ ਤੋਂ ਪੈਸੇ ਵਸੂਲਣ ਲਈ ਤਸੀਹੇ ਦੀਆਂ ਵੀਡੀਉਜ਼ ਸੋਸ਼ਲ ਮੀਡੀਆ ’ਤੇ ਵੀ ਸਾਂਝੀਆਂ ਕੀਤੀਆਂ ਗਈਆਂ ਸਨ। ਬਲਵਿੰਦਰ ਨੇ ਦਸਿਆ ਕਿ ਉਸ ਨੂੰ ਵੀ ਗੋਲੀ ਮਾਰਨ ਦਾ ਹੁਕਮ ਦਿਤਾ ਗਿਆ ਸੀ ਪਰ ਉਹ ਕਿਸੇ ਤਰ੍ਹਾਂ ਉਥੋਂ ਭੱਜਣ ਵਿਚ ਕਾਮਯਾਬ ਹੋ ਗਿਆ। ਲਗਭਗ 600 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਉਹ ਕੋਲੰਬੀਆ ਦੇ ਸ਼ਹਿਰ ਪਹੁੰਚਿਆ।
ਬਲਵਿੰਦਰ ਅਨੁਸਾਰ ਡੰਕਰਾਂ ਨੇ ਹਰਿਆਣਾ ਦੇ ਨੌਜਵਾਨਾਂ ਦੇ ਮੂੰਹ ’ਤੇ ਪਲਾਸਟਿਕ ਦੇ ਲਿਫਾਫੇ ਪਾ ਕੇ ਗਰਮ ਰਾਡਾਂ ਉਨ੍ਹਾਂ ਦੇ ਸਰੀਰ ’ਤੇ ਲਾਈਆਂ, ਪਲਾਸਟਿਕ ਪਿਘਲਾ ਕੇ ਉਨ੍ਹਾਂ ਦੇ ਸਰੀਰ ’ਤੇ ਪਾਈ ਅਤੇ ਬਲੇਡਾਂ ਨਾਲ ਡੂੰਘੇ ਕੱਟ ਵੀ ਲਾਏ। ਨਾਲ ਵਾਲੇ ਕਮਰੇ ਵਿਚ ਉਸ ਨੂੰ ਉਨ੍ਹਾਂ ਦੀਆਂ ਚੀਕਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ।
ਸੁਲਤਾਨਪੁਰ ਲੋਧੀ ਵਿਚ ਨਿਰਮਲ ਕੁਟੀਆ ਪਹੁੰਚੀ ਬਲਵਿੰਦਰ ਦੀ ਮਾਂ ਸ਼ਿੰਦਰ ਕੌਰ ਨੇ ਦਸਿਆ ਕਿ ਉਨ੍ਹਾਂ ਨੇ 2024 ਵਿਚ ਬਲਵਿੰਦਰ ਨੂੰ ਅਮਰੀਕਾ ਭੇਜਣ ਲਈ ਕਪੂਰਥਲਾ ਦੇ ਚਾਰ ਏਜੰਟਾਂ ਨੂੰ 28 ਲੱਖ ਰੁਪਏ ਦਿਤੇ ਸਨ। ਪੈਸੇ ਇਕੱਠੇ ਕਰਨ ਲਈ ਉਨ੍ਹਾਂ ਨੂੰ ਅਪਣੀ 3 ਏਕੜ ਜ਼ਮੀਨ ਅਤੇ ਘਰ ਵੀ ਵੇਚਣਾ ਪਿਆ। ਹੁਣ ਉਹ ਕਿਰਾਏ ਦੇ ਮਕਾਨ ’ਚ ਰਹਿੰਦੇ ਹਨ। ਉਨ੍ਹਾਂ ਦਸਿਆ ਕਿ ਬਲਵਿੰਦਰ ਦੋ ਭੈਣਾਂ ਦਾ ਇਕਲੌਤਾ ਭਰਾ ਹੈ ਅਤੇ ਉਨ੍ਹਾਂ ਦਾ ਪਿਤਾ ਲੰਬੇ ਸਮੇਂ ਤੋਂ ਬੀਮਾਰ ਹੈ। ਪਰਵਾਰ ਨੇ ਕਪੂਰਥਲਾ ਦੇ ਐਸਐਸਪੀ ਨੂੰ ਵੀ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ, ‘ਬਲਵਿੰਦਰ ਨੇ ਪੰਜ ਮਹੀਨਿਆਂ ਬਾਅਦ ਸਾਡੇ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਅਸੀਂ ਸੰਸਦ ਮੈਂਬਰ ਨਾਲ ਸੰਪਰਕ ਕੀਤਾ। ਅਸੀਂ ਸਿਰਫ਼ ਅਪਣੇ ਪੁੱਤਰ ਦੀ ਭਾਰਤ ਸੁਰੱਖਿਅਤ ਵਾਪਸੀ ਚਾਹੁੰਦੇ ਹਾਂ।’
ਸੀਚੇਵਾਲ ਨੇ ਮਾਮਲਾ ਵਿਦੇਸ਼ ਮੰਤਰਾਲੇ ਕੋਲ ਚੁੱਕਿਆ
ਪੀੜਤ ਪਰਵਾਰ ਨੇ ਰਾਜ ਸਭਾ ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੂੰ ਬਲਵਿੰਦਰ ਸਿੰਘ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਸੰਸਦ ਮੈਂਬਰ ਸੀਚੇਵਾਲ ਇਸ ਵੇਲੇ ਕੈਨੇਡਾ ਵਿਚ ਹਨ। ਉਨ੍ਹਾਂ ਫ਼ੋਨ ’ਤੇ ਇਹ ਮਾਮਲਾ ਵਿਦੇਸ਼ ਮੰਤਰਾਲੇ ਕੋਲ ਚੁੱਕਿਆ ਅਤੇ ਕੋਲੰਬੀਆ ਵਿਚ ਭਾਰਤੀ ਸਫ਼ਾਰਤਖ਼ਾਨੇ ਨਾਲ ਸੰਪਰਕ ਕਰ ਕੇ ਜਲਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
(For more news apart from Kapurthala Youth Sent to America by Agents gets Stuck in Colombia stay tuned to Rozana Spokesman.)