
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਲੇਮਪੁਰ ਨਾਲ ਸਬੰਧਿਤ ਸੀ ਮ੍ਰਿਤਕ
Punjabi Sandeep Saini dead in Italy Hoshiarpur News: ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਅਜਿਹਾ ਹੀ ਮਾਮਲਾ ਇਟਲੀ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਤ ਵਿਚ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ 30 ਸਾਲਾ ਸੰਦੀਪ ਸੈਣੀ ਵਜੋਂ ਹੋਈ ਹੈ। ਮ੍ਰਿਤਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਲੇਮਪੁਰ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕੁਝ ਸਾਲ ਪਹਿਲਾਂ ਚੰਗੇ ਭਵਿੱਖ ਲਈ ਵਿਦੇਸ਼ ਗਿਆ ਸੀ।
ਸੰਦੀਪ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਦੀਪ ਇਟਲੀ ਰਹਿੰਦੀ ਆਪਣੀ ਭੈਣ ਦੇ ਕੋਲ ਗਿਆ ਸੀ ਅਤੇ ਬੜਾ ਵਧੀਆ ਕੰਮ ਕਾਰ ਕਰਦਾ ਸੀ ਪਰ 28 ਤਰੀਕ ਨੂੰ ਸੰਦੀਪ ਨੇ ਆਪਣੀ ਭੈਣ ਦੇ ਘਰ ਜਾਣਾ ਸੀ 'ਤੇ ਉਹ ਕੰਮ ਤੋਂ ਜਦੋਂ ਨਿਕਲਿਆ ਤਾਂ ਭੈਣ ਦੇ ਘਰ ਨਹੀਂ ਪਹੁੰਚਿਆ। ਜਿਸ ਤੋਂ ਬਾਅਦ ਉਸ ਦੀ ਭੈਣ ਅਤੇ ਉਸ ਦੇ ਜੀਜੇ ਨੇ ਇਸ ਸਬੰਧੀ ਥਾਣੇ ਵਿਚ ਰਿਪੋਰਟ ਕਰਵਾਈ।
ਇਟਲੀ ਦੀ ਪੁਲਿਸ ਵੱਲੋਂ ਉਸ ਦੀ ਬਹੁਤ ਭਾਲ ਕੀਤੀ ਗਈ ਪਰ ਤਿੰਨ ਤਰੀਕ ਨੂੰ ਮੰਦਭਾਗੀ ਖ਼ਬਰ ਆਈ ਕਿ ਇੱਕ ਲਾਸ਼ ਇਟਲੀ ਦੇ ਜੰਗਲਾਂ ਵਿੱਚ ਪਈ ਹੈ ਜਦੋਂ ਮ੍ਰਿਤਕ ਦੀ ਭੈਣ ਨੇ ਜਾ ਕੇ ਉਸ ਦੀ ਸ਼ਨਾਖਤ ਕੀਤੀ ਤਾਂ ਉਹ ਲਾਸ਼ ਸੰਦੀਪ ਦੀ ਹੀ ਸੀ। ਸੰਦੀਪ ਆਪਣੇ ਪਿੱਛੇ ਬਜ਼ੁਰਗ ਮਾਂ ਪਿਓ ਛੱਡ ਗਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਅੱਗੇ ਸੰਦੀਪ ਦੀ ਦੇਹ ਨੂੰ ਪੰਜਾਬ ਲਿਆਉਣ ਦੀ ਮੰਗ ਕੀਤੀ।
(For more news apart from “Punjabi Sandeep Saini dead in Italy Hoshiarpur News, ” stay tuned to Rozana Spokesman.)