
ਸ੍ਰੀ ਦਰਬਾਰ ਸਾਹਿਬ ਸਮੂਹ ’ਚ ਸਥਿਤ ਸ੍ਰੀ ਗੁਰੂ ਰਾਮਦਾਸ ਲਾਇਬ੍ਰੇਰੀ ਨੂੰ ਕੀਤਾ ਜਾਵੇਗਾ ਡਿਜੀਟਾਈਜ਼ : ਐਡਵੋਕੇਟ ਧਾਮੀ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਅੰਦਰ ਅਪਣੀ ਪ੍ਰੈੱਸ ਸਥਾਪਤ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਪ੍ਰਕਾਸ਼ਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਪ੍ਰੈੱਸ ਕੈਲੇਫ਼ੋਰਨੀਆ ਦੇ ਟਰੇਸੀ ਸ਼ਹਿਰ ’ਚ ਲਗਾਈ ਜਾਵੇਗੀ ਜਿਥੇ ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਕੇਂਦਰ ਵੀ ਕਾਰਜਸ਼ੀਲ ਹੋਵੇਗਾ। ਅਮਰੀਕਾ ਦੇ ਯੂਬਾਸਿਟੀ ਵਿਖੇ ਵੀ ਧਰਮ ਪ੍ਰਚਾਰ ਕੇਂਦਰ ਬਣਾਇਆ ਜਾਵੇਗਾ।
ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਇਹ ਫ਼ੈਸਲਾ ਕੀਤਾ ਗਿਆ ਹੈ। ਮੀਡੀਆ ਨਾਲ ਗੱਲ ਕਰਦਿਆਂ ਐਡਵੋਕੇਟ ਧਾਮੀ ਨੇ ਦਸਿਆ ਕਿ ਸਵਰਗੀ ਸ. ਦੀਦਾਰ ਸਿੰਘ ਬੈਂਸ ਵਲੋਂ ਸ਼੍ਰੋਮਣੀ ਕਮੇਟੀ ਨੂੰ ਯੂਬਾਸਿਟੀ ਵਿਖੇ 14.5 ਏਕੜ ਜ਼ਮੀਨ ਦਿਤੀ ਗਈ ਸੀ, ਜਿਥੇ ਧਰਮ ਪ੍ਰਚਾਰ ਕੇਂਦਰ ਬਣਾ ਕੇ ਗਤੀਵਿਧੀਆਂ ਅਰੰਭੀਆਂ ਜਾਣਗੀਆਂ। ਇਸ ਨਾਲ ਹੀ ਪ੍ਰਵਾਸੀ ਸਿੱਖ ਸ. ਗਿਆਨ ਸਿੰਘ ਸੰਧੂ ਕੈਨੇਡਾ ਅਤੇ ਉੱਘੇੇ ਕਾਰੋਬਾਰੀ ਸ. ਕਰਨੈਲ ਸਿੰਘ ਸੰਧੂ ਅਮਰੀਕਾ ਵਲੋਂ ਕੀਤੀ ਗਈ ਪੇਸ਼ਕਸ਼ ਅਨੁਸਾਰ ਕੈਲੇਫ਼ੋਰਨੀਆ ਦੇ ਟਰੇਸੀ ਵਿਖੇ ਵੀ ਸ਼੍ਰੋਮਣੀ ਕਮੇਟੀ ਦਾ ਇਕ ਕੇਂਦਰ ਸਥਾਪਤ ਕੀਤਾ ਜਾਵੇਗਾ।
ਇਸ ਕੇਂਦਰ ਵਿਖੇ ਅਮਰੀਕਾ, ਕੈਨੇਡਾ ਦੀ ਸੰਗਤ ਵਲੋਂ ਪੁੱਜਦੀ ਮੰਗ ਅਨੁਸਾਰ ਪਾਵਨ ਸਰੂਪ ਮੁਹਈਆ ਕਰਵਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਪ੍ਰੈੱਸ ਵੀ ਲਗਾਈ ਜਾਵੇਗੀ। ਇਨ੍ਹਾਂ ਦੋਹਾਂ ਕੇਂਦਰਾਂ ਵਿਚ ਗੁਰਦੁਆਰਾ ਸਾਹਿਬਾਨ ਵੀ ਸਥਾਪਤ ਕੀਤੇ ਜਾਣਗੇ ਅਤੇ ਸੰਗਤ ਨੂੰ ਧਾਰਮਕ ਸਾਹਿਤ ਵੀ ਮਿਲੇਗਾ। ਸ਼੍ਰੋਮਣੀ ਕਮੇਟੀ ਵਲੋਂ ਆਸਟ੍ਰੇਲੀਆ ਵਿਖੇ ਸੰਗਤ ਦੀ ਮੰਗ ਅਨੁਸਾਰ ਵਿਸ਼ੇਸ਼ ਬੱਸ ਵਿਚ ਮਰਿਆਦਾ ਅਨੁਸਾਰ ਸੁਸ਼ੋਭਿਤ ਕਰ ਕੇ 220 ਪਾਵਨ ਸਰੂਪ ਸਮੁੰਦਰੀ ਜਹਾਜ਼ ਰਾਹੀਂ ਭੇਜੇ ਜਾਣਗੇ।
ਐਡਵੋਕੇਟ ਧਾਮੀ ਨੇ ਕਿਹਾ ਕਿ ਵਿਸ਼ਵ ਭਰ ਦੀ ਸੰਗਤ ਵਲੋਂ ਪਾਵਨ ਸਰੂਪਾਂ ਦੀ ਵੱਡੀ ਮੰਗ ਦੇ ਮੱਦੇਨਜ਼ਰ ਇਹ ਫ਼ੈਸਲੇ ਕੀਤੇ ਗਏ ਹਨ। ਐਡਵੋਕੇਟ ਧਾਮੀ ਨੇ ਦਸਿਆ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨਾਲ ਸਬੰਧਤ ਸ੍ਰੀ ਗੁਰੂ ਰਾਮਦਾਸ ਲਾਇਬ੍ਰੇਰੀ ਨੂੰ ਡਿਜੀਟਾਈਜ਼ ਕੀਤਾ ਜਾਵੇਗਾ ਅਤੇ ਇਸ ਲਾਇਬ੍ਰੇਰੀ ਦੀ ਇਕ ਵੱਖਰੀ ਵੈੱਬਸਾਈਟ ਤਿਆਰ ਕਰ ਕੇ ਉਸ ’ਤੇ ਅਹਿਮ ਪੁਸਤਕਾਂ ਦੇ ਸਿਰਲੇਖ ਅਤੇ ਤਤਕਰੇ ਨੂੰ ਪਾਇਆ ਜਾਵੇਗਾ। ਧਾਮੀ ਨੇ ਦਸਿਆ ਕੇ ਅੰਤ੍ਰਿੰਗ ਕਮੇਟੀ ਵਲੋਂ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਲਈ ਇਕ ਮੁਹਿੰਮ ਵਿੱਢਣ ਦਾ ਵੀ ਫ਼ੈਸਲਾ ਕੀਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਸਿੱਖ ਇਤਿਹਾਸਕਾਰ ਸ. ਸਵਰਨ ਸਿੰਘ ਚੂਸਲੇਵੜ੍ਹ ਦੇ ਕੌਮੀ ਯੋਗਦਾਨ ਨੂੰ ਵੇਖਦਿਆਂ ਦੋਹਾਂ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈਆਂ ਜਾਣਗੀਆਂ।
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਉਮਰਾਨੰਗਲ ਦੇ 21 ਸਾਲਾ ਸਿੱਖ ਨੌਜਵਾਨ ਅੰਮ੍ਰਿਤਬੀਰ ਸਿੰਘ ਵਲੋਂ ਉਂਗਲਾਂ ਦੇ ਭਾਰ ਇਕ ਮਿੰਟ ਵਿਚ 86 ਡੰਡ ਮਾਰ ਕੇ ਵਿਸ਼ਵ ਰਿਕਾਰਡ ਸਥਾਪਤ ਕਰਨ ’ਤੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ 51,000 ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ। ਅੰਤ੍ਰਿੰਗ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ 4 ਫ਼ੀ ਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਦੇਣ ਨੂੰ ਵੀ ਪ੍ਰਵਾਨਗੀ ਦਿਤੀ ਹੈ।