
ਡਰਾਈਵਰ ਨੂੰ ਕਾਫੀ ਦੂਰ ਤਕ ਘਸੀਟਿਆ
Canada News: ਕੈਨੇਡਾ ਵਿਚ ਪੰਜਾਬੀ ਟੈਕਸੀ ਡਰਾਈਵਰ ਉਤੇ ਮਹਿਲਾ ਨੇ ਹਮਲਾ ਕਰ ਦਿਤਾ। ਅੰਗਰੇਜਣ ਨੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਕਸਬਾ ਜੰਡਿਆਲਾ ਨਾਲ ਸਬੰਧਤ ਜਗਰਾਜ ਸਿੰਘ ਜੌਹਲ ਉਤੇ ਸਰਿੰਜ ਤੇ ਚਾਕੂ ਨਾਲ ਹਮਲਾ ਕਰਨ ਮਗਰੋਂ ਉਸ ਦੀ ਟੈਕਸੀ ਵੀ ਖੋਹ ਲਈ।
ਇਸ ਘਟਨਾ ਵਿਚ ਡਰਾਈਵਰ ਨੂੰ ਕਾਫੀ ਸੱਟਾਂ ਲੱਗੀਆਂ ਅਤੇ ਉਸ ਦੇ ਸੱਜੇ ਹੱਥ 'ਤੇ ਟਾਂਕੇ ਲਗਾਉਣੇ ਪਏ। ਜਗਰਾਜ ਸਿੰਘ ਜੌਹਲ ਨੇ ਦਸਿਆ ਕਿ ਬੀਤੀ ਰਾਤ 10:30 ਵਜੇ ਨੇੜਲੇ ਸ਼ਹਿਰ ਮਿਸਨ ਦੇ ਸੇਵਨ ਅਲੈਵਨ ਤੋਂ ਇਕ ਅੰਗਰੇਜਣ ਸਵਾਰ ਨੂੰ ਅਪਣੀ ਟੈਕਸੀ ਵਿਚ ਬਿਠਾਇਆ ਸੀ, ਉਸ ਵਲੋਂ ਦਿਤੇ ਪਤੇ 'ਤੇ ਪਹੁੰਚ ਕੇ ਜਦੋਂ ਉਸ ਨੂੰ ਟੈਕਸੀ 'ਚੋਂ ਉਤਰਣ ਲਈ ਕਿਹਾ ਤਾਂ ਉਸ ਨੇ ਡਰਾਈਵਰ ਦੀ ਪਿੱਠ 'ਤੇ ਜ਼ੋਰ ਨਾਲ ਸਰਿੰਜ ਮਾਰੀ।
ਜਦੋਂ ਉਹ ਟੈਕਸੀ 'ਚੋਂ ਬਾਹਰ ਨਿਕਲਿਆ ਤਾਂ ਉਕਤ ਅੰਗਰੇਜਣ ਨੇ ਚਾਕੂ ਨਾਲ ਹਮਲਾ ਕਰ ਦਿਤਾ ਤੇ ਇਸ ਦੌਰਾਨ ਉਹ ਜਗਰਾਜ ਸਿੰਘ ਨੂੰ ਘਸੀਟਦੀ ਹੋਈ ਟੈਕਸੀ ਲੈ ਕੇ ਭੱਜ ਗਈ। ਮਹਿਲਾ ਕੁੱਝ ਬਲਾਕ ਦੀ ਦੂਰੀ 'ਤੇ ਜਾ ਕੇ ਟੈਕਸੀ ਖੜ੍ਹੀ ਕਰਕੇ ਫਰਾਰ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਗਰਾਜ ਸਿੰਘ ਜੌਹਲ ਬੀਤੇ 12 ਸਾਲ ਤੋਂ ਟੈਕਸੀ ਚਲਾ ਰਿਹਾ ਹੈ ਤੇ ਇਸ ਘਟਨਾ ਨੇ ਉਸ ਨੂੰ ਝੰਜੋੜ ਕੇ ਰੱਖ ਦਿਤਾ ਹੈ। ਸਥਾਨਕ ਪੁਲਿਸ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
(For more Punjabi news apart from Attack on Punjabi taxi driver in Canada, stay tuned to Rozana Spokesman)