ਕਿਹਾ, ਉਨ੍ਹਾਂ ਦੇ ਬੇਟੇ ਨੂੰ ਇਹ ਸਨਮਾਨ ਪਿਛਲੇ ਕਈ ਸਾਲਾਂ ’ਚ ਕੰਪਨੀ ਦੀ ਤਰੱਕੀ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਮਾਨਤਾ ਦੇਣ ਲਈ ਦਿਤਾ ਗਿਆ
ਲੰਡਨ: ਪ੍ਰਵਾਸੀ ਭਾਰਤੀ ਉਦਯੋਗਪਤੀ ਲਾਰਡ ਸਵਰਾਜ ਪਾਲ ਨੇ ਅਪਣੇ ਬੇਟੇ ਆਕਾਸ਼ ਪਾਲ ਨੂੰ ਬਿਜ਼ਨਸ ਐਡਮਿਨਿਸਟ੍ਰੇਸ਼ਨ ’ਚ ਸੇਵਾਵਾਂ ਲਈ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਹੈ। ਸਵਰਾਜ ਪਾਲ ਵੋਲਵਰਹੈਂਪਟਨ ਯੂਨੀਵਰਸਿਟੀ ਦੇ ਚਾਂਸਲਰ ਹਨ।
ਬਰਤਾਨੀਆਂ ਦੇ ਕਪਾਰੋ ਗਰੁੱਪ ਆਫ ਇੰਡਸਟਰੀਜ਼ ਦੇ 93 ਸਾਲਾ ਸੰਸਥਾਪਕ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਇਹ ਸਨਮਾਨ ਪਿਛਲੇ ਕਈ ਸਾਲਾਂ ’ਚ ਕੰਪਨੀ ਦੀ ਤਰੱਕੀ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਮਾਨਤਾ ਦੇਣ ਲਈ ਦਿਤਾ ਗਿਆ ਹੈ।
ਪੌਲ ਨੇ ਐਤਵਾਰ ਨੂੰ ‘ਲੰਡਨ ਜ਼ੂ’ ’ਚ ਕਰਵਾਏ ਇਕ ਸਮਾਰੋਹ ’ਚ ਵਾਈਸ ਚਾਂਸਲਰ ਪ੍ਰੋਫੈਸਰ ਇਬਰਾਹਿਮ ਆਦੀਆ ਤੋਂ ਰਸਮੀ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ। ਉਨ੍ਹਾਂ ਕਿਹਾ, ‘‘ਮੇਰਾ ਬੇਟਾ 1982 ਤੋਂ ਮੇਰੇ ਨਾਲ ‘ਕਪਾਰੋ’ ’ਚ ਕੰਮ ਕਰ ਰਿਹਾ ਹੈ।’’ ਸਵਰਾਜ ਪਾਲ 26 ਸਾਲਾਂ ਤੋਂ ਵੋਲਵਰਹੈਂਪਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਹਨ।
ਉਨ੍ਹਾਂ ਕਿਹਾ, ‘‘ਆਕਾਸ਼ ਨੂੰ 1992 ’ਚ ਕਪਾਰੋ ਗਰੁੱਪ ਦਾ ਸੀ.ਈ.ਓ. ਨਿਯੁਕਤ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਯੂ.ਕੇ., ਯੂਰਪ, ਅਮਰੀਕਾ ਅਤੇ ਭਾਰਤ ’ਚ ਕੰਪਨੀ ਦੀ ਵਿਕਾਸ ਰਣਨੀਤੀ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਬਰਤਾਨੀਆਂ ’ਚ ਕੰਪਨੀ ਦੀ ਸਮਰੱਥਾ ਦਾ ਵਿਸਥਾਰ ਕੀਤਾ ਅਤੇ ਮੁਨਾਫਾ ਵਧਾਇਆ।’’ ਡਿਗਰੀ ਪ੍ਰਾਪਤ ਕਰਦੇ ਸਮੇਂ, ਆਕਾਸ਼ ਪਾਲ ਇਹ ਸਨਮਾਨ ਪ੍ਰਾਪਤ ਕਰ ਕੇ ‘ਬਹੁਤ ਖੁਸ਼ ਅਤੇ ਮਾਣ’ ਮਹਿਸੂਸ ਕਰ ਰਿਹਾ ਹੈ।