
ਰਘੂ ਤੋਂ ਬਰਾਮਦ ਬੋਤਲ ਵਿਚ ਪਰਫਿਊਮ ਸੀ ਨਾ ਕਿ ਅਫ਼ੀਮ
Indian citizen faces deportation over perfume bottle: ਸੰਯੁਕਤ ਰਾਜ ਅਮਰੀਕਾ ’ਚ ਇਕ ਭਾਰਤੀ-ਅਮਰੀਕੀ ਵਿਅਕਤੀ ਨੂੰ ਇੱਕ ਪਰਫਿਊਮ ਦੀ ਬੋਤਲ ਕਾਰਨ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੁਸ ਦਾ ਵਿਆਹ ਇਕ ਅਮਰੀਕੀ ਨਾਗਰਿਕ ਨਾਲ ਹੋਇਆ ਹੈ ਅਤੇ ਉਹ ਉਥੇ ਸੈਟਲ ਹੋਣ ਦੀ ਯੋਜਨਾ ਬਣਾ ਰਿਹਾ ਸੀ, ਪਰ ਇਕ ਗ਼ਲਤਫ਼ਹਿਮੀ ਕਾਰਨ ਸੱਭ ਪੁੱਠਾ ਪੈ ਗਿਆ। ਜਾਣਕਾਰੀ ਅਨੁਸਾਰ 3 ਮਈ ਨੂੰ ਕਪਿਲ ਰਘੂ, ਇਕ ਭਾਰਤੀ-ਅਮਰੀਕੀ, ਅਰਕਾਨਸਾਸ ਵਿੱਚ ਕਿਸੇ ਨੂੰ ਭੋਜਨ ਪਹੁੰਚਾ ਰਿਹਾ ਸੀ, ਜਦੋਂ ਪੁਲਸ ਨੇ ਉਸ ਨੂੰ ਟ੍ਰੈਫ਼ਿਕ ਜਾਂਚ ਲਈ ਰੋਕਿਆ। ਉਨ੍ਹਾਂ ਨੇ ਉਸ ਦੀ ਕਾਰ ਵਿਚ “ਅਫ਼ੀਮ’’ ਲੇਬਲ ਵਾਲੀ ਇਕ ਬੋਤਲ ਵੇਖੀ।
ਅਫ਼ੀਮ, ਇੱਕ ਨਸ਼ੀਲਾ ਪਦਾਰਥ ਹੈ ਜੋ ਕਿ ਪਾਬੰਦੀਸ਼ੁਦਾ ਹੈ। ਰਘੂ ਨੇ ਦਾਅਵਾ ਕੀਤਾ ਕਿ ਇਹ ਅਫ਼ੀਮ ਨਹੀਂ ਸੀ, ਸਗੋਂ “ਅਫ਼ੀਮ’’ ਲੇਬਲ ਵਾਲੀ ਇਕ ਪਰਫਿਊਮ ਬੋਤਲ ਸੀ, ਪਰ ਪੁਲਿਸ ਨੇ ਉਸ ’ਤੇ ਵਿਸ਼ਵਾਸ ਨਹੀਂ ਕੀਤਾ। ਉਨ੍ਹਾਂ ਨੇ ਉਸ ਨੂੰ ਨਸ਼ੀਲੇ ਪਦਾਰਥ ਰਖਣ ਦੇ ਦੋਸ਼ ਵਿਚ ਹਿਰਾਸਤ ਵਿਚ ਲੈ ਲਿਆ। ਦਿ ਗਾਰਡੀਅਨ ਅਨੁਸਾਰ, ਰਘੂ ਨੂੰ ਬਾਅਦ ਵਿਚ ਤਿੰਨ ਦਿਨਾਂ ਲਈ ਸੈਲੀਨ ਕਾਉਂਟੀ ਜੇਲ ਵਿਚ ਰਖਿਆ ਗਿਆ ਸੀ। ਹਾਲਾਂਕਿ, ਅਰਕਾਨਸਾਸ ਸਟੇਟ ਕ੍ਰਾਈਮ ਲੈਬ ਦੁਆਰਾ ਕੀਤੀ ਗਈ ਜਾਂਚ ਨੇ ਪੁਸ਼ਟੀ ਕੀਤੀ ਕਿ ਬੋਤਲ ਵਿਚ ਪਰਫਿਊਮ ਸੀ, ਅਫ਼ੀਮ ਨਹੀਂ। ਇਸ ਨਾਲ ਰਘੂ ਦੀਆਂ ਮੁਸ਼ਕਲਾਂ ਖ਼ਤਮ ਨਹੀਂ ਹੋਈਆਂ। ਜਦੋਂ ਰਘੂ ਜੇਲ ਵਿਚ ਸੀ, ਅਧਿਕਾਰੀਆਂ ਨੂੰ ਉਸ ਦੇ ਇਮੀਗ੍ਰੇਸ਼ਨ ਦਸਤਾਵੇਜਾਂ ਵਿਚ ਇਕ ਸਮੱਸਿਆ ਦਾ ਪਤਾ ਲੱਗਾ ਅਤੇ ਉਸ ਦੇ ਵੀਜ਼ੇ ਦੀ ਮਿਆਦ ਖ਼ਤਮ ਹੋ ਗਈ ਸੀ।
ਰਘੂ ਦੇ ਵਕੀਲ ਨੇ ਇਸ ਦਾ ਕਾਰਨ ਇਕ ਪ੍ਰਸ਼ਾਸਕੀ ਗ਼ਲਤੀ ਦਸਿਆ, ਪਰ ਅਧਿਕਾਰੀਆਂ ਨੇ ਉਸ ਨੂੰ ਲੁਈਸਿਆਨਾ ਦੇ ਫੈਡਰਲ ਇਮੀਗ੍ਰੇਸਨ ਸੈਂਟਰ ਵਿਚ ਤਬਦੀਲ ਕਰ ਦਿਤਾ। ਉਥੇ, ਯੂਐੱਸ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫ਼ੋਰਸਮੈਂਟ (ਆਈਸੀਈ) ਨੇ ਉਸ ਨੂੰ 30 ਦਿਨਾਂ ਲਈ ਹਿਰਾਸਤ ’ਚ ਰਖਿਆ। 20 ਮਈ ਨੂੰ ਜ਼ਿਲ੍ਹਾ ਅਦਾਲਤ ਨੇ ਰਘੂ ਨੂੰ ਅਫ਼ੀਮ ਰਖਣ ਦੇ ਦੋਸ਼ਾਂ ਤੋਂ ਬਰੀ ਕਰ ਦਿਤਾ, ਪਰ ਉਸ ਦਾ ਵੀਜ਼ਾ ਰੱਦ ਕਰ ਦਿਤਾ ਗਿਆ। ਨਤੀਜੇ ਵਜੋਂ, ਉਸ ਦੇ ਕੋਲ ਹੁਣ ਕਾਨੂੰਨੀ ਤੌਰ ’ਤੇ ਸੰਯੁਕਤ ਰਾਜ ਵਿਚ ਰਹਿਣ ਦਾ ਕੋਈ ਆਧਾਰ ਨਹੀਂ ਸੀ।
ਰਘੂ ਦੇ ਵਕੀਲ ਅਨੁਸਾਰ, ਉਸ ਨੂੰ ਰਿਹਾਅ ਕਰ ਦਿਤਾ ਗਿਆ ਸੀ, ਪਰ ਹੁਣ ਉਹ ਦੇਸ਼ ਨਿਕਾਲੇ ਦੀ ਸਥਿਤੀ ਦੇ ਅਧੀਨ ਹੈ, ਭਾਵ ਉਸ ਨੂੰ ਕਿਸੇ ਵੀ ਮਾਮੂਲੀ ਅਪਰਾਧ ਲਈ ਤੁਰਤ ਦੇਸ਼ ਨਿਕਾਲਾ ਦਿਤਾ ਜਾ ਸਕਦਾ ਹੈ। ਰਘੂ ਲਈ ਹੋਰ ਚਿੰਤਾ ਦੀ ਗੱਲ ਇਹ ਹੈ ਕਿ ਉਹ ਹੁਣ ਸੰਯੁਕਤ ਰਾਜ ਵਿਚ ਕੰਮ ਨਹੀਂ ਕਰ ਸਕਦਾ ਜਾਂ ਪੈਸਾ ਨਹੀਂ ਕਮਾ ਸਕਦਾ। ਇਸ ਨਾਲ ਉਸ ਲਈ ਘਰ ਚਲਾਉਣਾ ਮੁਸ਼ਕਲ ਹੋ ਗਿਆ ਹੈ। ਪਰਵਾਰ ਦੀ ਬੱਚਤ ਪਹਿਲਾਂ ਹੀ ਕਾਨੂੰਨੀ ਪ੍ਰਕਿਰਿਆ ਵਿਚ ਖ਼ਤਮ ਹੋ ਚੁੱਕੀ ਹੈ। ਹੁਣ, ਉਸ ਦੀ ਪਤਨੀ ਨੂੰ ਘਰ ਦਾ ਗੁਜ਼ਾਰਾ ਚਲਾਉਣ ਲਈ ਤਿੰਨ ਨੌਕਰੀਆਂ ਕਰਨੀਆਂ ਪੈ ਰਹੀਆਂ ਹਨ। ਪਿਛਲੇ ਹਫ਼ਤੇ, ਉਸ ਨੇ ਕਾਨੂੰਨ ਦਫ਼ਤਰ ਨੂੰ ਇਕ ਪੱਤਰ ਲਿਖਿਆ, ਜਿਸ ਵਿਚ ਦਸਿਆ ਗਿਆ ਕਿ ਉਸ ਦੇ ਪਿਛਲੇ ਵਕੀਲ ਨੇ ਸਮੇਂ ਸਿਰ ਦਸਤਾਵੇਜ ਜਮ੍ਹਾਂ ਨਹੀਂ ਕਰਵਾਏ ਸਨ, ਜਿਸ ਕਾਰਨ ਵੀਜ਼ਾ ਸਮੱਸਿਆ ਪੈਦਾ ਹੋ ਗਈ ਸੀ। ਉਸ ਨੇ ਬੇਨਤੀ ਕੀਤੀ ਕਿ ਉਸ ਦਾ ਵੀਜ਼ਾ ਬਹਾਲ ਕੀਤਾ ਜਾਵੇ। ਹਾਲਾਂਕਿ, ਇਕ ਛੋਟੀ ਜਿਹੀ ਗ਼ਲਤਫ਼ਹਿਮੀ ਰਘੂ ਅਤੇ ਉਸ ਦੇ ਪਰਵਾਰ ਲਈ ਇਕ ਦੁਖਾਂਤ ਵਿਚ ਬਦਲ ਗਈ ਹੈ।