
'ਕੁੱਤਾ ਵੀ ਮਰੇ ਤਾਂ ਦਿੱਲੀ ਦੇ ਨੇਤਾ ਸੋਗ ਸੰਦੇਸ਼ ਦਿੰਦੇ ਨੇ, 600 ਕਿਸਾਨ ਸ਼ਹੀਦ ਹੋਏ ਇਕ ਮਤਾ ਪਾਸ ਨਹੀਂ'
ਜੈਪੁਰ, 7 ਨਵੰਬਰ : ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ | ਅਜੋਕੇ ਸਮੇਂ 'ਚ ਕਈ ਵਾਰ ਕਿਸਾਨਾਂ ਦੇ ਮੁੱਦੇ 'ਤੇ ਸਰਕਾਰ ਅਤੇ ਭਾਜਪਾ ਵਿਚਾਲੇ ਲਾਈਨ ਤੋਂ ਹਟ ਕੇ ਬੋਲਣ ਵਾਲੇ ਮਲਿਕ ਨੇ ਸਪੱਸ਼ਟ ਕਿਹਾ ਕਿ ਉਹ ਦਿੱਲੀ ਦੇ ਉਨ੍ਹਾਂ 2-3 ਲੋਕਾਂ ਦੀ ਇੱਛਾ ਦੇ ਖ਼ਿਲਾਫ਼ ਬੋਲ ਰਹੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਗਵਰਨਰ ਬਣਾਇਆ ਹੈ ਅਤੇ ਜਦੋਂ ਉਹ ਕਹਿਣਗੇ ਤਾਂ ਉਹ ਅਹੁਦੇ ਤੋਂ ਹੱਟ ਜਾਣਗੇ | ਮਲਿਕ ਨੇ ਕਿਹਾ ਕਿ ਕਿਸਾਨ ਅੰਦੋਲਨ 'ਚ 600 ਲੋਕ ਸ਼ਹੀਦ ਹੋ ਗਏ ਤਾਂ ਲੋਕ ਸਭਾ 'ਚ ਮਤਾ ਪਾਸ ਨਹੀਂ ਹੋਇਆ, ਜਦਕਿ ਦਿੱਲੀ ਦੇ ਆਗੂ ਜੇਕਰ ਕੁੱਤਾ ਵੀ ਮਰ ਜਾਵੇ ਤਾਂ ਸੋਗ ਸੰਦੇਸ਼ ਜਾਰੀ ਕਰਦੇ ਹਨ |
ਮਲਿਕ ਨੇ ਇਹ ਵੀ ਕਿਹਾ ਕਿ ਹਾਲ ਹੀ ਵਿਚ ਮਹਾਰਾਸ਼ਟਰ ਦੇ ਹਸਪਤਾਲ 'ਚ ਅੱਗ ਲਗਣ ਕਾਰਨ 5-7 ਲੋਕਾਂ ਦੀ ਮੌਤ ਹੋਈ | ਉਨ੍ਹਾਂ ਦੀ ਮੌਤ 'ਤੇ ਦਿੱਲੀ ਤੋਂ ਸੋਗ ਸੰਦੇਸ਼ ਭੇਜੇ ਗਏ | ਸਾਡੇ ਵਰਗ ਦੇ ਲੋਕ ਵੀ ਕਿਸਾਨਾਂ ਦੀ ਮੌਤ 'ਤੇ ਸੰਸਦ 'ਚ ਸੋਗ ਮਤੇ ਲਈ ਨਹੀਂ ਬੋਲੇ |
ਮੈਨੂੰ ਇਸ ਨਾਲ ਦੁੱਖ ਹੋਇਆ |
ਜੈਪੁਰ 'ਚ ਇਕ ਪ੍ਰੋਗਰਾਮ ਵਿਚ ਸਤਿਆਪਾਲ ਮਲਿਕ ਨੇ ਕਿਹਾ, ''ਦੇਸ਼ 'ਚ ਅੱਜ ਤਕ ਇੰਨਾ ਵੱਡਾ ਅੰਦੋਲਨ ਨਹੀਂ ਹੋਇਆ, ਜਿਸ 'ਚ 600 ਲੋਕ ਸ਼ਹੀਦ ਹੋਏ ਹੋਣ | ਕੁੱਤਾ ਵੀ ਮਰ ਜਾਵੇ ਤਾਂ ਦਿੱਲੀ ਦੇ ਲੀਡਰਾਂ ਦਾ ਸੋਗ ਸੰਦੇਸ਼ ਜਾਂਦਾ ਹੈ ਪਰ 600 ਕਿਸਾਨਾਂ ਦਾ ਮਤਾ ਲੋਕ ਸਭਾ ਵਿਚ ਪਾਸ ਨਹੀਂ ਹੋਇਆ |
ਮਲਿਕ ਨੇ ਅੱਗੇ ਕਿਹਾ, ''ਇਸ ਸਮੇਂ ਇਹ ਕਿਸਾਨਾਂ ਦਾ ਮਸਲਾ ਹੈ, ਜੇਕਰ ਮੈਂ ਕੁੱਝ ਕਹਾਂਗਾ ਤਾਂ ਵਿਵਾਦ ਹੁੰਦਾ ਹੈ | ਇਹ ਅਖ਼ਬਾਰਾਂ ਵਾਲੇ ਅਜਿਹਾ ਕਰ ਦਿੰਦੇ ਹਨ ਕਿ ਮੈਂ ਦੋ ਹਫ਼ਤੇ ਤਕ ਉਡੀਕ ਕਰਦਾ ਹਾਂ ਕਿ ਦਿੱਲੀ ਤੋਂ ਕੋਈ ਟੈਲੀਫ਼ੋਨ ਤਾਂ ਨਹੀਂ ਆਏਗਾ | ਹਾਲਾਂਕਿ ਰਾਜਪਾਲ ਨੂੰ ਹਟਾਇਆ ਨਹੀਂ ਜਾ ਸਕਦਾ, ਪਰ ਮੇਰੇ ਸੁਭਚਿੰਤਕ ਕਹਿੰਦੇ ਹਨ ਕਿ ਇਹ ਕੁੱਝ ਬੋਲਣ ਤੇ ਹਟਣ | ਫ਼ੇਸਬੁੱਕ 'ਤੇ ਲਿਖਦੇ ਹਨ ਕਿ ਜਦੋਂ ਤੁਹਾਨੂੰ ਇੰਨਾ ਮਹਿਸੂਸ ਹੁੰਦਾ ਹੈ ਤਾਂ ਅਸਤੀਫ਼ਾ ਕਿਉਂ ਨਹੀਂ ਦਿੰਦੇ, ਮੈਂ ਕਹਿੰਦਾ ਹਾਂ ਕਿ ਕੀ ਤੁਹਾਡੇ ਪਿਤਾ ਜੀ ਨੇ ਬਣਾਇਆ ਸੀ |U
ਮਲਿਕ ਨੇ ਕਿਹਾ, ''ਮੈਨੂੰ ਦਿੱਲੀ 'ਚ 2-3 ਵੱਡੇ ਲੋਕਾਂ ਨੇ ਬਣਾਇਆ ਹੈ, ਮੈਂ ਉਨ੍ਹਾਂ ਦੀ ਇੱਛਾ ਦੇ ਵਿਰੁਧ ਬੋਲ ਰਿਹਾ ਹਾਂ, ਮੈਂ ਸਿਰਫ਼ ਇਹ ਜਾਣ ਕੇ ਬੋਲ ਰਿਹਾ ਹਾਂ ਕਿ ਉਨ੍ਹਾਂ ਨੂੰ ਮੁਸ਼ਕਲ ਹੋਵੇਗੀ | ਉਹ ਜਿਸ ਤਰ੍ਹਾਂ ਕਹਿਣਗੇ ਕਿ ਸਾਨੂੰ ਮੁਸ਼ਕਲ ਹੈ ਛੱਡ ਦਿਉ, ਮੈਂ ਇਕ ਮਿੰਟ ਵੀ ਨਹੀਂ ਲਗਾਵਾਂਗਾ |
ਕਿਸਾਨਾਂ ਦੇ ਬੱਚੇ ਹੀ ਫ਼ੌਜ ਵਿਚ ਹਨ, ਕੁੱਝ ਵੀ ਹੋ ਸਕਦਾ ਹੈ
ਮਲਿਕ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਅਸਰ ਭਾਰਤੀ ਫ਼ੌਜਾਂ 'ਤੇ ਵੀ ਪਿਆ ਹੈ | ਇਨ੍ਹਾਂ ਵਿਚ ਕਿਸਾਨਾਂ ਦੇ ਪੁੱਤਰ ਵੀ ਹਨ | ਕੁੱਝ ਵੀ ਹੋ ਸਕਦਾ ਹੈ | ਤੁਸੀਂ ਅੱਜ ਤਕੜੇ ਹੋ | ਜੇ ਲੜਾਈ ਹੁੰਦੀ ਹੈ ਤਾਂ ਇਨ੍ਹਾਂ ਕਿਸਾਨਾਂ ਦੇ ਮੁੰਡੇ ਹੀ ਸ਼ਹੀਦ ਹੁੰਦੇ ਹਨ | ਕਾਰਗਿਲ ਵਿਚ ਸਰਕਾਰ ਦਾ ਕਸੂਰ ਸੀ | ਇਸ ਦੀ ਕੀਮਤ ਕਿਸਾਨ ਦੇ ਬੱਚਿਆਂ ਨੇ ਅਦਾ ਕੀਤੀ | ਸਾਡੇ ਨਾਲ ਬੇਇਨਸਾਫ਼ੀ ਹੁੰਦੀ ਹੈ | ਕਿਸੇ ਦਿਨ ਲੋਕ ਇਸ 'ਤੇ ਪ੍ਰਤੀਕਿਰਿਆ ਕਰਦੇ ਹਨ | ਅੱਜ ਤਕ ਕਿਸਾਨਾਂ ਨੇ ਇਕ ਕੰਕਰ ਵੀ ਨਹੀਂ ਮਾਰਿਆ | (ਏਜੰਸੀ)