2007 ’ਚ ਯੂ.ਕੇ. ਆਉਣ ਤੋਂ ਬਾਅਦ ਤੋਂ ਹੀ ਤੰਗੀਆਂ-ਤੁਰਸੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ
ਲੰਡਨ : ਵਿਦੇਸ਼ਾਂ ’ਚ ਜਾ ਕੇ ਸੰਘਰਸ਼ਪੂਰਨ ਜੀਵਨ ਜੀਣ ਅਤੇ ਤੰਗੀਆਂ-ਤੁਰਸੀਆਂ ਦਾ ਸਾਹਮਣਾ ਕਰਨ ਵਾਲਿਆਂ ਲਈ ਯੂਨਾਈਟਡ ਸਿੱਖਜ਼ ਨਵਾਂ ਜੀਵਨਦਾਨ ਲੈ ਕੇ ਆਇਆ ਹੈ। ਯੂਨਾਈਟਡ ਸਿੱਖਜ਼ ਦਾ ਯੂ.ਕੇ. ਹੈਲਪਡੈਸਕ (ਯੂਨਾਈਟਿਡ ਹਿਊਮੈਨੀਟੇਰੀਅਨ ਸਿੱਖ ਏਡ ਦਾ ਇੱਕ ਪ੍ਰੋਜੈਕਟ, ਅੰਤਰਰਾਸ਼ਟਰੀ ਸੰਗਠਨ, ਯੂਨਾਈਟਿਡ ਸਿੱਖਜ਼ ਦਾ ਯੂਕੇ ਪ੍ਰੋਜੈਕਟ) ਉਨ੍ਹਾਂ ਵਿਅਕਤੀਆਂ ਲਈ ਜੀਵਨ ਰੇਖਾ ਹੈ ਜੋ ਅਕਲਪਣਯੋਗ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਕੁੱਝ ਇਸੇ ਤਰ੍ਹਾਂ ਦੀ ਕਹਾਣੀ ਰੇਸ਼ਮ ਕੌਰ ਦੀ ਹੈ ਜੋ 2007 ’ਚ ਯੂ.ਕੇ. ਆਈ ਸੀ ਅਤੇ ਉਦੋਂ ਤੋਂ ਵਿੱਤੀ ਤੰਗੀਆਂ-ਤੁਰਸੀਆਂ ਦਾ ਸਾਹਮਣਾ ਕਰ ਰਹੀ ਸੀ। ਇੱਥੇ ਆ ਕੇ ਉਸ ਦਾ ਜੀਵਨ ਸੰਘਰਸ਼ਮਈ ਹੋਣ ਕਾਰਨ ਉਸ ਨੇ ਵਾਪਸ ਪੰਜਾਬ ਪਰਤਣ ਦਾ ਫੈਸਲਾ ਕੀਤਾ ਪਰ ਉਸ ਕੋਲ ਵਾਪਸ ਜਾਣ ਜੋਗੇ ਵੀ ਪੈਸੇ ਨਹੀਂ ਇਕੱਠੇ ਹੋਏ ਸਨ। ਇਸ ਹਾਲਤ ’ਚ ਜਦੋਂ ਉਨ੍ਹਾਂ ਨੂੰ ਲੰਡਨ ਦੇ ਸਾਊਥਾਲ ’ਚ ਪਾਰਕ ਐਵੀਨਿਊ ਵਿਖੇ ਸ੍ਰੀ ਗਰੂ ਸਿੰਘ ਸਭਾ ਗੁਰਦੁਆਰਾ ’ਚ ਸਥਿਤ ਯੂਨਾਈਟਿਡ ਸਿੱਖਸ ਦੀ ਟੀਮ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੀ ਜ਼ਿੰਦਗੀ ’ਚ ਆਸ ਦੀ ਇਕ ਕਿਰਨ ਜਾਗ ਪਈ। ਉਨ੍ਹਾਂ ਦੀ ਯੂਨਾਈਟਡ ਸਿੱਖਜ਼ ਨੇ ਨਾ ਸਿਰਫ਼ ਟਿਕਟ ਖ਼ਰੀਦਣ ’ਚ ਮਦਦ ਕੀਤੀ ਬਲਕਿ 3000 ਪਾਊਂਡ ਦੇ ਕੇ ਘਰ ਪਰਤਣ ਮਗਰੋਂ ਵਿੱਤੀ ਮਦਦ ਦਾ ਪ੍ਰਬੰਧ ਵੀ ਕੀਤਾ।
ਯੂ.ਕੇ. ਦੀ ਸੋਸ਼ਲ ਸਰਵੀਸਿਜ਼ ਦੇ ਡਾਇਰੈਕਟਰ ਨਰਪਿੰਦਰ ਕੌਰ ਮਾਨ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਮਰਜ਼ੀ ਅਨੁਸਾਰ ਭਾਰਤ ਵਾਪਸ ਭੇਜਣ ਦਾ ਪ੍ਰਬੰਧ ਕਰਨ ਲਈ ਅਣਥੱਕ ਮਿਹਨਤ ਕੀਤੀ ਅਤੇ ਉਨ੍ਹਾਂ ਨੂੰ ਹਵਾਈ ਜਹਾਜ਼ ਦੀ ਟਿਕਟ ਸਮੇਤ ਅਤੇ ਹੋਰ ਦਸਤਾਵੇਜ਼ ਮੁਹੱਈਆ ਕਰਵਾਏ। ਯੂ.ਕੇ. ਤੋਂ ਤੁਰਨ ਲਗਿਆਂ ਉਨ੍ਹਾਂ ਨੇ ਯੂਨਾਈਟਡ ਸਿੱਖਜ਼ ਦਾ ਧਨਵਾਦ ਕੀਤਾ ਅਤੇ ਕਿਹਾ, ‘‘ਮੈਨੂੰ ਗੁਰੂ ਘਰ ਤੋਂ ਯੂਨਾਈਟਡ ਸਿੱਖਜ਼ ਬਾਰੇ ਪਤਾ ਲੱਗਾ ਕਿ ਉਹ ਮੇਰੇ ਵਰਗਿਆਂ ਦੀ ਮਦਦ ਕਰਦੇ ਹਨ। ਇਨ੍ਹਾਂ ਦੀ ਸਰਵਿਸ ਬਹੁਤ ਵਧੀਆ ਹੈ। ਇਨ੍ਹਾਂ ਦਾ ਬਹੁਤ-ਬਹੁਤ ਧਨਵਾਦ।’’
ਜ਼ਿਕਰਯੋਗ ਹੈ ਕਿ ਯੂਨਾਈਟਡ ਸਿੱਖਜ਼ ਨੇ 2024 ਵਿੱਚ 700 ਤੋਂ ਵੱਧ ਆਪਣੀ ਮਰਜ਼ੀ ਨਾਲ ਵਾਪਸ ਭੇਜੇ ਕੀਤੇ ਗਏ ਲੋਕਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ। ਸੜਕਾਂ ’ਤੇ ਸੰਘਰਸ਼ ਕਰਨ ਤੋਂ ਲੈ ਕੇ ਇੱਜ਼ਤ ਅਤੇ ਉਮੀਦ ਨਾਲ ਘਰ ਜਾਣ ਲਈ ਉਡਾਣ ਭਰਨ ਤੱਕ, ਇਹ ਯਾਤਰਾਵਾਂ ਮਨੁੱਖਤਾ ਅਤੇ ਹਮਦਰਦੀ ਦੀ ਸ਼ਕਤੀ ਦਾ ਸਬੂਤ ਹਨ।