
ਪਿੰਡ ਸੂਰਘੁਰੀ ਦੇ ਨੌਜਵਾਨ ਦੀ ਆਸਟਰੇਲੀਆ 'ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ......
ਕੋਟਕਪੂਰਾ : ਪਿੰਡ ਸੂਰਘੁਰੀ ਦੇ ਨੌਜਵਾਨ ਦੀ ਆਸਟਰੇਲੀਆ 'ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਨੌਜਵਾਨ ਜਤਿੰਦਰ ਸਿੰਘ ਬਰਾੜ ਪੈਸੇ ਕਮਾਉਣ ਖ਼ਾਤਰ ਆਸਟਰੇਲੀਆ ਗਿਆ ਸੀ। ਪੜ੍ਹਾਈ ਪੂਰੀ ਕਰਨ ਮਗਰੋਂ ਉਹ ਉਥੇ ਕੈਂਟਰ ਚਲਾਉਣ ਲੱਗਾ ਪਰ ਐਡੀਲੇਡ ਦੀ ਮੂਲ ਵਸਨੀਕ ਕੁੜੀ ਦੀ ਅਣਗਹਿਲੀ ਕਾਰਨ ਵਾਪਰਿਆ ਹਾਦਸਾ ਜਤਿੰਦਰ ਲਈ ਜਾਨਲੇਵਾ ਸਾਬਤ ਹੋ ਗਿਆ। ਜਤਿੰਦਰ ਦਾ ਕੁੱਝ ਹੀ ਸਮੇਂ ਬਾਅਦ ਵਿਆਹ ਹੋਣਾ ਸੀ।
ਉਹ ਕਰੀਬ 6 ਸਾਲ ਪਹਿਲਾਂ ਆਸਟਰੇਲੀਆ ਗਿਆ ਸੀ ਤੇ ਉਸੇ ਸਮੇਂ ਦੌਰਾਨ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਉਸ ਨੇ ਕੁੱਝ ਹੀ ਸਮਾਂ ਪਹਿਲਾਂ ਭਾਰਤ ਆ ਕੇ ਅਪਣੀ ਇਕਲੌਤੀ ਭੈਣ ਦਾ ਵਿਆਹ ਕੀਤਾ ਸੀ। ਹੁਣ ਜਦ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤਾਂ ਇਸ ਮਨਹੂਸ ਖ਼ਬਰ ਨੇ ਉਸ ਦੇ ਘਰ ਵਾਲਿਆਂ ਤੇ ਰਿਸ਼ਤੇਦਾਰਾਂ ਨੂੰ ਝੰਜੋੜ ਕੇ ਰੱਖ ਦਿਤਾ। ਐਡੀਲੈਡ ਸਰਕਾਰ ਵਲੋਂ ਜਤਿੰਦਰ ਦੀ ਮ੍ਰਿਤਕ ਦੇਹ ਹਵਾਈ ਜਹਾਜ਼ ਰਾਹੀਂ ਛੇਤੀ ਹੀ ਭਾਰਤ ਭੇਜੀ ਜਾ ਰਹੀ ਹੈ।