
ਚੋਣ ਰੱਦ ਕਰਵਾਉਣ ਲਈ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਪਟਿਆਲਾ - ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈੱਸ਼ ਬਿਆਨਜ਼ਾਰੀ ਕਰਦਿਆਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਪੰਜਾਬ ਖੇਤੀਬਾੜੀ ਵਿਕਾਸ ਬੈਂਕ, ਪਟਿਆਲਾ (ਪੀ.ਏ.ਡੀ.ਬੀ) ਦੀ ਚੋਣ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਵੱਲੋਂ ਸੂਬੇ ਅੰਦਰ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਠੱਲ੍ਹਣ ਲਈ ਮਿੰਨੀ-ਲੌਕਡਾਨ ਲਗਾਇਆ ਗਿਆ, ਪ੍ਰੰਤੂ ਦੂਜੇ ਪਾਸੇ ਸਰਕਾਰ ਆਪਣੇ ਰਾਜ਼ਸੀ ਲਾਹੇ ਲੈਣ ਲਈ ਚੋਣਾਂ ਕਰਵਾਉਣ ‘ਤੇ ਬੇਜ਼ਿੱਦ ਹੈ।
corona virus
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਕਾਰਨ ਜਿੱਥੇ ਚੋਣ ਕਮਿਸ਼ਨ ਵੱਲੋਂ ਮਿਉਸੀਂਪਲ ਦੀਆਂ ਜ਼ਿਮਨੀ ਚੋਣਾਂ ਰੱਦ ਕੀਤੀਆ ਗਈਆਂ, ਉੱਥੇ ਹੀ ਦੂਜੇ ਪਾਸੇ ਸੂਬਾ ਸਰਕਾਰ ਵੱਲੋਂ ਪੀ.ਏ.ਡੀ.ਬੀ. ਪਟਿਆਲਾ ਚੋਣ ਦੀ ਤਾਰੀਖ਼ ਮਿੱਥਣਾ ਮੰਦਭਾਗਾ ਫ਼ੈਸਲਾ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਮੁਲਤਵੀ ਕਰਨ ਸੰਬੰਧੀ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੱਲੋਂ ਇਹ ਮਸਲਾ ਪਹਿਲਾਂ ਹੀ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਸੰਬੰਧਤ ਸਹਿਕਾਰਤਾ ਮਹਿਕਮੇ ਦੇ ਮੰਤਰੀ ਤੇ ਕਰਮਚਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ
Captain Amarinder Singh
ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਚੋਣ ਰੱਦ ਕਰਨ ਸੰਬੰਧੀ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਸਪੱਸ਼ਟ ਸਟੈਂਡ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਸਭ ਨੂੰ ਦੇਖਦੇ ਅਖੀਰ ਮਸਲਾ ਸੂਬੇ ਦੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਉਣ ਲਈ ਪੱਤਰ ਲਿਖ ਕੇ ਜਾਣੂ ਕਰਵਾਇਆ ਗਿਆ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਰੋਨਾ ਦੇ ਪ੍ਰਕੋਪ ਨੂੰ ਦੇਖਦਿਆਂ ਚੋਣ ਰੱਦ ਕਰਨ ਦਾ ਹੁਕਮ ਜਾਰੀ ਕਰਨ।
lockdown
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਹੈਰਾਨੀਜਨਕ ਗੱਲ ਹੈ ਕਿ ਇੱਕ ਪਾਸੇ ਤਾਂ ਸੂਬੇ ਦੇ ਮੁੱਖ ਮੰਤਰੀ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਦੇ ਕੇ ਮਿੰਨੀ ਲੌਕਡਾਨ ਦੇ ਨਿਯਮ ਦੀ ਪਾਲਣਾ ਕਰਨ ਦਾ ਪਾਠ ਪੜ੍ਹਾ ਰਹੇ ਹਨ, ਪਰ ਦੂਜੇ ਪਾਸੇ ਆਪਣੇ ਹੀ ਸ਼ਹਿਰ ਅਤੇ ਹਲਕੇ ਅੰਦਰ ਚੋਣਾਂ ਕਰਵਾ ਕੇ ਆਪ ਹੀ ਆਪਣੇ ਬਣਾਏ ਕਰੋਨਾਂ ਨਿਯਮਾਂ ਦੀਆਂ ਧੱਜੀਆ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਹੀ ਆਪਣੇ ਬਣਾਏ ਨਿਯਮਾਂ ਦੀ ਪਾਲਣਾ ਆਪ ਨਹੀਂ ਕਰੇਗੀ ਤਾਂ ਸੂਬੇ ਦੇ ਲੋਕਾਂ ਤੋਂ ਕੀ ਆਸ ਰੱਖੇਗੀ। ਪ੍ਰੋ. ਚੰਦੂਮਾਜਰਾ ਨੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਚੋਣਾਂ ਦੇ ਰੂਪ ‘ਚ ਆਪ ਹੀ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਘਰ-ਘਰ ਪਹੁੰਚਾਉਣ ਦਾ ਸਾਧਨ ਬਣਾ ਰਹੀ ਹੈ।
corona virus
ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੀ.ਏ.ਡੀ.ਬੀ. ਪਟਿਆਲਾ ਦੇ 8 ਜ਼ੋਨ ਹਨ, ਜਿਸ ਵਿੱਚ ਉਮੀਦਵਾਰਾਂ ਦੀ ਵੱਡੀ ਗਿਣਤੀ, ਚੋਣਾਂ ਕਰਵਾਉਣ ਲਈ ਸਟਾਫ਼, ਵੋਟਾਂ ਪਾਉਣ ਲਈ ਵੋਟਰਾਂ ਤੋਂ ਇਲਾਵਾ ਚੋਣ ਪ੍ਰਚਾਰ ਲਈ ਉਮੀਦਵਾਰਾਂ ਦਾ ਵੋਟਰਾਂ ਤੱਕ ਜਾਣਾ ਹਲਕੇ ਵਿੱਚ ਕਰੋਨਾ ਮਹਾਂਮਾਰੀ ਨੂੰ ਬੜ੍ਹਾਵਾ ਦੇਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਇੱਕ ਪਾਸੇ ਦੁਕਾਨਦਾਰਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਦੁਕਾਨਾਂ ਨਹੀਂ ਖੋਲ੍ਹਣ ਦੇ ਰਹੀ ਅਤੇ ਖੁਸ਼ੀ ਅਤੇ ਗਮੀ ਦੇ ਸਾਰੇ ਸਮਾਗਮ ਰੱਦ ਕਰਨ ਦੀਆਂ ਹਦਾਇਤਾਂ ਹਨ ਪ੍ਰੰਤੂ ਦੂਜੇ ਪਾਸੇ ਆਪ ਹੀ ਆਪਣੀਆਂ ਹਿਦਾਇਤਾਂ ਤੋੜ੍ਹ ਚੋਣ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਦਾ ਫ਼ੈਸਲਾ ਹਾਸੋਹੀਣਾ ਜਾਪ ਰਿਹਾ ਹੈ, ਪਰ ਦੂਜੇ ਪਾਸੇ ਸਿਆਸਤ ਤੋਂ ਪ੍ਰੇਰਿਤ।