Punjabi Dead In Canada: ਦੀਵਾਲੀ ਉੱਤੇ ਨੌਜਵਾਨ ਨੇ ਆਉਣਾ ਸੀ ਪੰਜਾਬ
Punjabi Dead In Canada: ਪੰਜਾਬ ਤੋਂ ਰੋਜ਼ੀ ਰੋਟੀ ਕਮਾਉਣ ਗਏ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੈਨੇਡਾ ’ਚ ਤਰਨਤਾਰਨ ਦੇ ਵਿਪਨ ਕੁਮਾਰ ਦਾ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਤੋਂ ਬਾਅਦ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ।
ਮ੍ਰਤਕ ਦੇ ਪਿਤਾ ਰਾਜਵਿੰਦਰ ਕੁਮਾਰ ਰਾਜੂ ਨੇ ਦੱਸਿਆ ਕਿ ਉਸ ਦਾ ਛੋਟਾ ਬੇਟਾ ਵਿਪਨ ਕੁਮਾਰ, ਜਿਸ ਦੀ ਉਮਰ ਕਰੀਬ 28 ਸਾਲ ਹੈ, ਬੀਤੇ ਕੁਝ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਮੰਗਲਵਾਰ ਦੇਰ ਸ਼ਾਮ ਵਿਪਨ ਦੀ ਅਚਾਨਕ ਤਬੀਅਤ ਖਰਾਬ ਹੋਣ ਉਪਰੰਤ ਉਸ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਡਾਕਟਰਾਂ ਮੁਤਾਬਕ ਵਿਪਨ ਦਾ ਦਿਲ ਦਾ ਦੌਰਾ ਪੈਣ ਕਰ ਕੇ ਦਿਹਾਂਤ ਹੋਇਆ ਹੈ। ਪਰਿਵਾਰ ਨੂੰ ਫੋਨ ਰਾਹੀਂ ਜਦੋਂ ਇਸ ਸਬੰਧੀ ਦੋਸਤਾਂ ਵੱਲੋਂ ਸੂਚਨਾ ਦਿੱਤੀ ਗਈ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮ੍ਰਿਤਕ ਵਿਪਨ ਆਪਣੇ ਪਿੱਛੇ ਮਾਤਾ, ਪਿਤਾ ਅਤੇ ਵੱਡੇ ਭਰਾ ਨੂੰ ਛੱਡ ਗਿਆ ਹੈ।