
ਸਕਾਟਲੈਂਡ 'ਚ ਪਹਿਲੀ ਸਿੱਖ ਮਹਿਲਾ ਐੱਮਪੀ ਬਣੀ ਹੈ ਪੈਮ ਗੋਸਲ
ਗਲਾਸਗੋ - ਬੀਤੇ ਦਿਨੀਂ ਸਕਾਟਲੈਂਡ ਪਾਰਲੀਮੈਂਟ ਦੀਆਂ ਹੋਈਆਂ ਚੋਣਾਂ ਵਿਚ ਪੰਜਾਬੀ ਮੂਲ ਦੀ ਪੈਮ ਗੋਸਲ ਨੂੰ ਪਹਿਲੀ ਸਿੱਖ ਔਰਤ ਹੋਣ ਦਾ ਮਾਣ ਹਾਸਲ ਹੋਇਆ ਹੈ ਜੋ ਸਕਾਟਿਸ਼ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨ ਵਿਚ ਕਾਮਯਾਬ ਹੋਈ ਹੈ। ਬੇਸ਼ੱਕ ਪੈਮ ਗੋਸਲ ਆਪਣੇ ਹਲਕੇ ਦੀ ਚੋਣ ਵਿੱਚ ਮਾਤ ਖਾ ਗਈ ਪਰ ਲਿਸਟ ਦੀ ਵੋਟ ਰਾਹੀਂ ਕੰਜਰਵੇਟਿਵ ਪਾਰਟੀ ਵੱਲੋਂ ਪਾਰਲੀਮੈਂਟ ਪਹੁੰਚਣ ਵਿਚ ਉਸ ਦਾ ਰਾਹ ਪੱਧਰਾ ਹੋ ਗਿਆ।
ਇਤਿਹਾਸਕ ਪਲਾਂ ਦੀ ਮੁੱਖ ਸੂਤਰ ਬਣਨ ਉਪਰੰਤ ਪੈਮ ਗੋਸਲ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਪਹੁੰਚ ਕੇ ਮੱਥਾ ਟੇਕਿਆ ਗਿਆ। ਇਸ ਸਮੇਂ ਗੁਰਦੁਆਰਾ ਸਾਹਿਬ ਦੇ ਮੰਚ ਤੋਂ ਸਕੱਤਰ ਬਖਸ਼ੀਸ਼ ਸਿੰਘ ਦੀਹਰੇ ਵੱਲੋਂ ਪੈਮ ਗੋਸਲ ਦੀ ਇਸ ਮਾਣਮੱਤੀ ਪ੍ਰਾਪਤੀ ਦੀ ਵਧਾਈ ਦਿੰਦਿਆਂ ਸੰਗਤਾਂ ਨਾਲ ਆਪਣੇ ਬੋਲਾਂ ਦੀ ਸਾਂਝ ਪਾਉਣ ਲਈ ਸੱਦਾ ਦਿੱਤਾ।
ਪੈਮ ਗੋਸਲ ਨੇ ਜਿੱਥੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਉੱਥੇ ਸੰਗਤਾਂ ਨੂੰ ਯਕੀਨ ਦਵਾਇਆ ਕਿ ਉਹ ਹਰ ਕਿਸੇ ਦੀ ਆਵਾਜ਼ ਪਾਰਲੀਮੈਂਟ ਤੱਕ ਲੈ ਕੇ ਜਾਣ ਲਈ ਵਚਨਬੱਧ ਰਹੇਗੀ। ਨਾਲ ਹੀ ਉਹਨਾਂ ਭਾਈਚਾਰੇ ਦੇ ਲੋਕਾਂ ਨੂੰ ਸਰਗਰਮ ਸਿਆਸਤ ਦਾ ਹਿੱਸਾ ਬਣਨ ਦੀ ਵੀ ਪੁਰਜ਼ੋਰ ਅਪੀਲ ਕੀਤੀ। ਇਸ ਉਪਰੰਤ ਪ੍ਰਧਾਨ ਸੁਰਜੀਤ ਸਿੰਘ ਚੌਧਰੀ ਵੱਲੋਂ ਉਹਨਾਂ ਨੂੰ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਭੇਂਟ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ: ਇੰਦਰਜੀਤ ਸਿੰਘ, ਜਸਪਾਲ ਸਿੰਘ ਖਹਿਰਾ, ਪਰਮਜੀਤ ਸਿੰਘ ਸਮਰਾ ਨੇ ਵੀ ਉਹਨਾਂ ਨੂੰ ਵਧਾਈ ਪੇਸ਼ ਕੀਤੀ।