
Manchalpreet Singh Canada News: 23 ਸਾਲਾ ਮਨਚਲਪ੍ਰੀਤ ਸਿੰਘ ਨੂੰ ਆਖ਼ਰੀ ਵਾਰ 28 ਮਾਰਚ ਦੀ ਸ਼ਾਮ ਫ਼ੋਰਟ ਰਿਚਮੰਡ ਇਲਾਕੇ ਵਿਚ ਦੇਖਿਆ ਗਿਆ ਸੀ
Manchalpreet Singh Canada News: ਕੈਨੇਡਾ ਤੋਂ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਇਥੇ ਚਾਰ ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਲਾਸ਼ ਵੈਲੀ ਰਿਵਰ ਵਿਚੋਂ ਬਰਾਮਦ ਕੀਤੀ ਗਈ ਹੈ। ਵਿਨੀਪੈਗ ਦੇ 23 ਸਾਲਾ ਮਨਚਲਪ੍ਰੀਤ ਸਿੰਘ ਨੂੰ ਆਖ਼ਰੀ ਵਾਰ 28 ਮਾਰਚ ਦੀ ਸ਼ਾਮ ਫ਼ੋਰਟ ਰਿਚਮੰਡ ਇਲਾਕੇ ਵਿਚ ਦੇਖਿਆ ਗਿਆ ਸੀ ਅਤੇ ਉਸ ਦੀ ਭਾਲ ਵਿਚ ਜੁਟੀ ਪੁਲਿਸ ਨੇ ਲੋਕਾਂ ਤੋਂ ਮਦਦ ਵੀ ਮੰਗੀ ਸੀ।
5 ਫ਼ੁੱਟ 10 ਇੰਚ ਕੱਦ ਅਤੇ ਦਰਮਿਆਨੇ ਸਰੀਰ ਵਾਲਾ ਮਨਚਲਪ੍ਰੀਤ ਸਿੰਘ ਸੇਖੋਂ ਅਕਸਰ ਹੀ ਸੇਂਟ ਵਾਇਟਲ ਪਾਰਕ, ਬਰਡਜ਼ ਹਿਲ ਪਾਰਕ ਅਤੇ ਦੱਖਣੀ ਵਿੰਨੀਪੈਗ ਦੇ ਇਲਾਕਿਆਂ ਵਲ ਆਉਂਦਾ-ਜਾਂਦਾ ਨਜ਼ਰ ਆਉਂਦਾ ਸੀ ਪਰ ਗੁੰਮਸ਼ੁਦਗੀ ਮਗਰੋਂ ਉਸ ਦੀ ਕੋਈ ਉਘ-ਸੁੱਘ ਨਾ ਲੱਗ ਸਕੀ। ਪਿਛਲੇ ਦਿਨੀਂ ਮੈਨੀਟੋਬਾ ਦੇ ਡੌਫ਼ਿਨ ਕਸਬੇ ਨੇੜੇ ਵੈਲੀ ਰਿਵਰ ਵਿਚੋਂ ਇਕ ਲਾਸ਼ ਬਰਾਮਦ ਕੀਤੀ ਗਈ ਜਿਸ ਦੀ ਪਛਾਣ ਕਰਨੀ ਸੰਭਵ ਨਹੀਂ ਸੀ।
ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ ਆਰ.ਸੀ.ਐਮ.ਪੀ. ਵਲੋਂ ਲਾਸ਼ ਦਾ ਡੀ.ਐਨ.ਏ. ਨਮੂਨਾ ਲੈ ਕੇ ਮਨਚਲਪ੍ਰੀਤ ਸਿੰਘ ਦੇ ਮਾਪਿਆਂ ਨਾਲ ਮਿਲਾਇਆ ਗਿਆ, ਜੋ ਮੇਲ ਖਾ ਗਿਆ। ਪੁਲਿਸ ਨੇ ਮਨਚਲਪ੍ਰੀਤ ਸਿੰਘ ਦੀ ਮੌਤ ਬਾਰੇ ਤਸਦੀਕ ਕਰ ਦਿਤੀ ਪਰ ਦੂਜੇ ਪਾਸੇ ਅਪਣੇ ਲਾਪਤਾ ਪੁੱਤ ਦੇ ਪਰਤਣ ਦੀ ਉਮੀਦ ਵਿਚ ਬੈਠੇ ਸੇਖੋਂ ਪਰਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰਵਾਰ ਦੇ ਨਜ਼ਦੀਕੀ ਰੌਬਿਨ ਬਰਾੜ ਨੇ ਗੋਫੰਡਮੀ ਪੇਜ ਸਥਾਪਤ ਕਰਦਿਆਂ ਦਸਿਆ ਕਿ ਮਨਚਲਪ੍ਰੀਤ ਸੇਖੋਂ ਦੇ ਮਾਪੇ ਆਰਥਿਕ ਤੌਰ ’ਤੇ ਮਜ਼ਬੂਤ ਨਹੀਂ ਅਤੇ ਉਪਰੋਂ ਪੁੱਤ ਦੇ ਵਿਛੋੜੇ ਨੇ ਉਨ੍ਹਾਂ ਨੂੰ ਧੁਰ ਅੰਦਰੋਂ ਤੋੜ ਕੇ ਰੱਖ ਦਿਤਾ ਹੈ। (ਏਜੰਸੀ)