
ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਦੇ ਸਰੀਰ ਵਿਚ ਕਈ ਵਾਰ ਚਾਕੂ ਮਾਰਿਆ ਗਿਆ।
ਸਰੀ: ਕੈਨੇਡਾ ਵਿਚ ਪੰਜਾਬੀ ਭਾਈਚਾਰੇ ਨਾਲ ਸਬੰਧਤ ਇਕ ਮਹਿਲਾ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੀ ਦੁਖਦਾਈ ਘਟਨਾ ਵਾਪਰੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਇਕ 40 ਸਾਲਾ ਸਿੱਖ ਔਰਤ ਦਾ ਉਸ ਦੇ ਘਰ ਵਿਚ ਕਤਲ ਹੋਣ ਦੀ ਸੂਚਨਾ ਮਿਲੀ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਦੇ ਸਰੀਰ ਵਿਚ ਕਈ ਵਾਰ ਚਾਕੂ ਮਾਰਿਆ ਗਿਆ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਹਰਪ੍ਰੀਤ ਕੌਰ ’ਤੇ 12700-ਬਲਾਕ 66ਵੇਂ ਐਵੇਨਿਊ ਵਿਖੇ ਰਾਤ ਸਮੇਂ ਚਾਕੂ ਨਾਲ ਹਮਲਾ ਕੀਤਾ ਗਿਆ। ਜਦੋਂ ਪੁਲਿਸ ਉਥੇ ਪਹੁੰਚੀ ਤਾਂ ਹਰਪ੍ਰੀਤ ਦੇ ਸਰੀਰ 'ਤੇ ਚਾਕੂ ਦੇ ਕਈ ਘਾਤਕ ਜ਼ਖਮ ਸਨ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਨੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।
ਹਰਪ੍ਰੀਤ ਕੌਰ ਦੇ ਪਤੀ ਨੂੰ ਸ਼ੱਕੀ ਵਜੋਂ ਹਿਰਾਸਤ ਵਿਚ ਲਿਆ ਗਿਆ ਸੀ ਪਰ ਬਾਅਦ ਵਿਚ ਛੱਡ ਦਿੱਤਾ ਗਿਆ। ਮੀਡੀਆ ਨੂੰ ਦਿੱਤੇ ਇਕ ਬਿਆਨ ਵਿਚ ਇੰਟੀਗ੍ਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਟਿਮੋਥੀ ਪਿਰੋਟੀ ਨੇ ਕਿਹਾ ਕਿ ਜਾਂਚਕਰਤਾ ਮਾਮਲੇ ਨੂੰ ਸੁਲਝਾਉਣ ਲਈ 24 ਘੰਟੇ ਕੰਮ ਕਰ ਰਹੇ ਹਨ।
ਦੱਸ ਦੇਈਏ ਕਿ ਇਹ ਘਟਨਾ 3 ਦਸੰਬਰ ਨੂੰ ਮਿਸੀਸਾਗਾ ਵਿਚ 21 ਸਾਲਾ ਸਿੱਖ ਲੜਕੀ ਪਵਨਪ੍ਰੀਤ ਕੌਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋ ਦਿਨ ਬਾਅਦ ਵਾਪਰੀ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਸਰੀ ਦੇ ਇਕ ਹਾਈ ਸਕੂਲ ਦੀ ਪਾਰਕਿੰਗ ਵਿਚ 18 ਸਾਲਾ ਸਿੱਖ ਨੌਜਵਾਨ ਮਹਿਕਪ੍ਰੀਤ ਸੇਠੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।