
ਹਮਲਾਵਰਾਂ ਦਾ ਮੁਕਾਬਲਾ ਕਰਦਿਆਂ ਕੁਲਦੀਪ ਸਿੰਘ ਦੇ ਲੱਗੀਆਂ ਗੰਭੀਰ ਸੱਟਾਂ
ਨਿਊਯਾਰਕ: ਅਮਰੀਕਾ ਵਿਚ ਆਏ ਦਿਨ ਸਿੱਖ ਭਾਈਚਾਰੇ ਦੇ ਲੋਕਾਂ ’ਤੇ ਹਮਲੇ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਦੇ ਚਲਦਿਆਂ ਬੀਤੇ ਦਿਨੀਂ ਨਿਊਯਾਰਕ ਦੇ ਰਿਚਮੰਡ ਹਿਲ ਵਿਚ 63 ਸਾਲਾ ਸਿੱਖ ਵਿਅਕਤੀ ਕੁਲਦੀਪ ਸਿੰਘ ਉੱਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਐਤਵਾਰ ਸਵੇਰੇ 10:30 ਵਜੇ ਦੇ ਕਰੀਬ ਜਦੋਂ ਸੈਰ ਕਰਨ ਲਈ ਘਰੋਂ ਬਾਹਰ ਗਏ ਹੋਏ ਸਨ ਤਾਂ ਬਾਈਕ ਸਵਾਰ ਲੁਟੇਰੇ ਨੇ ਉਹਨਾਂ ਉੱਤੇ ਹਮਲਾ ਕੀਤਾ। ਹਮਲਾਵਰਾਂ ਕੋਲ ਪਿਸਤੌਲ ਵੀ ਸੀ। ਹਮਲਾਵਰਾਂ ਦਾ ਮੁਕਾਬਲਾ ਕਰਦਿਆਂ ਕੁਲਦੀਪ ਸਿੰਘ ਗੰਭੀਰ ਜ਼ਖਮੀ ਹੋ ਗਏ। ਕੁਲਦੀਪ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਪਿਸਤੌਲ ਦਿਖਾ ਦੇ ਉਹਨਾਂ ਕੋਲੋਂ ਪੈਸੇ ਮੰਗੇ ਅਤੇ ਉਹਨਾਂ ਦੇ ਸਿਰ ਅਤੇ ਨੱਕ ਉੱਤੇ ਹਮਲਾ ਕੀਤਾ।
ਇਸ ਦੌਰਾਨ ਉਹਨਾਂ ਦੇ ਸਿਰ, ਨੱਕ ਅਤੇ ਸੱਜੇ ਹੱਥ ਉੱਤੇ ਗੰਭੀਰ ਸੱਟਾਂ ਲੱਗੀਆਂ ਹਨ। ਰਿਚਮੰਡ ਹਿਲ ਵਿਚ ਇਸ ਮਹੀਨੇ ਸਿੱਖਾਂ ਉੱਤੇ ਹਮਲਾ ਕਰਨ ਦੀਆਂ ਤਿੰਨ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਹਨਾਂ ਘਟਨਾਵਾਂ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।