
ਮ੍ਰਿਤਕ ਨੌਜਵਾਨ ਦੀ ਦੇਹ ਮੰਗਲਵਾਰ ਨੂੰ ਦੁਪਹਿਰ 2 ਵਜੇ ਪਿੰਡ ਪਹੁੰਚੀ।
ਬਟਾਲਾ: ਬਟਾਲਾ ਦੇ ਪਿੰਡ ਮੂਲਿਆਂਵਾਲ ਦੇ ਨੌਜਵਾਨ ਦਾ ਕੈਨੇਡਾ ਦੇ ਮੈਨੀਟੋਬ ਸਟੇਟ ਦੇ ਸ਼ਹਿਰ ਵਿਨੀਪੈੱਗ ਵਿੱਚ 31 ਦਸੰਬਰ 2024 ਨੂੰ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਾ। ਇਸ ਤੋਂ ਬਾਅਦ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਦੇਹ ਮੰਗਲਵਾਰ ਨੂੰ ਦੁਪਹਿਰ 2 ਵਜੇ ਪਿੰਡ ਪੁੱਜੀ। ਪਰਿਵਾਰ ਧਾਹਾਂ ਮਾਰ-ਮਾਰ ਰੋ ਰਿਹਾ ਸੀ।
ਇਸ ਸਬੰਧੀ ਮ੍ਰਿਤਕ ਸੁਖਪ੍ਰੀਤ ਸਿੰਘ ਪੱਡਾ (32) ਦੇ ਪਿਤਾ ਰਿਟਾ. ਏ.ਐੱਸ.ਆਈ. ਮਨਜੀਤ ਸਿੰਘ ਪੱਡਾ ਨੇ ਦੱਸਿਆ ਕਿ ਉਸ ਦਾ ਪੁੱਤਰ ਸੁਖਪ੍ਰੀਤ ਪੱਡਾ 2017 ਵਿਚ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿਖੇ ਗਿਆ ਸੀ ਅਤੇ ਮੈਡੀਕਲ ਦੀ ਪੜ੍ਹਾਈ ਕਰਨ ਉਪਰੰਤ ਉਹ ਉਥੇ ਹੀ ਮੈਡੀਕਲ ਖੇਤਰ ਵਿਚ ਨੌਕਰੀ ਕਰ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਬੀਤੀ 31 ਦਸੰਬਰ 2024 ਦੀ ਰਾਤ ਨੂੰ ਕੰਮ ਤੋਂ ਵਾਪਸ ਘਰ ਨੂੰ ਪਰਤ ਰਿਹਾ ਸੀ ਕਿ ਇਕ ਗੋਰੀ ਨੇ ਗਲਤ ਸਾਈਡ ਤੋਂ ਆ ਕੇ ਕਾਰ ਮਾਰ ਦਿੱਤੀ, ਜਿਸ ਨਾਲ ਉਸ ਦਾ ਬੇਟਾ ਸੁਖਪ੍ਰੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਉਸ ਦਾ ਇਲਾਜ ਵਿਨੀਪੈੱਗ ਸ਼ਹਿਰ ਦੇ ਹਸਪਤਾਲ ਵਿਚ ਚੱਲ ਰਿਹਾ ਸੀ, ਜਿੱਥੇ ਬੀਤੇ ਦਿਨੀਂ ਸੁਖਪ੍ਰੀਤ ਦੀ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਜਵਾਨ ਪੁੱਤਰ ਦੀ ਮੌਤ ਹੋਣ ਨਾਲ ਦੁੱਖਾਂ ਦਾ ਪਹਾੜ ਉਨ੍ਹਾਂ ’ਤੇ ਡਿੱਗ ਪਿਆ ਹੈ। ਉਸ ਦੱਸਿਆ ਕਿ ਉਸ ਦਾ ਬੇਟਾ ਸ਼ਾਦੀਸ਼ੁਦਾ ਹੈ, ਜਿਸ ਦੀ ਇਕ ਬੱਚੀ ਵੀ ਹੈ ਅਤੇ ਬੀਤੀ 5 ਜਨਵਰੀ ਨੂੰ ਘਰ ਆਉਣਾ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਹੋ ਗਿਆ। ਮੰਦਭਾਗੀ ਖ਼ਬਰ ਮਿਲਣ ਮਗਰੋਂ ਮ੍ਰਿਤਕ ਦੀ ਮਾਤਾ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਸਾਰੇ ਪਿੰਡ ਵਿਚ ਸ਼ੋਕ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਸੁਖਪ੍ਰੀਤ ਸਿੰਘ ਪੱਡਾ ਦਾ ਪਿੰਡ ਮੂਲਿਆਂਵਾਲ ਦੇ ਸਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।