
ਨਵਾਂ ਸ਼ਹਿਰ ਦੇ ਮੁਕੰਦਪੁਰ ਨਾਲ ਸਬੰਧਤ ਸੀ ਮ੍ਰਿਤਕ
Punjabi Died in Canada: ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ 26 ਸਾਲਾ ਪੁਨੀਤ ਸ਼ਰਮਾ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਮ੍ਰਿਤਕ ਨੌਜਵਾਨ ਨਵਾਂ ਸ਼ਹਿਰ ਦੇ ਮੁਕੰਦਪੁਰ ਨਾਲ ਸਬੰਧਤ ਸੀ।
ਜਾਣਕਾਰੀ ਅਨੁਸਾਰ ਕਸਬਾ ਮੁਕੰਦਪੁਰ ਦਾ ਪੁਨੀਤ ਸ਼ਰਮਾ ਕੈਲਗਿਰੀ ਕੈਨੇਡਾ ਵਿਚ ਅਪਣੇ ਭਰਾ ਸਾਹਿਲ ਸ਼ਰਮਾ ਕੋਲ ਗਿਆ ਹੋਇਆ ਸੀ। ਸੋਮਵਾਰ ਸ਼ਾਮ ਨੂੰ ਜਦੋਂ ਉਸ ਦਾ ਭਰਾ ਸਾਹਿਲ ਘਰੋਂ ਕੰਮ ’ਤੇ ਚਲਾ ਗਿਆ ਤਾਂ ਪੁਨੀਤ ਸ਼ਰਮਾ ਘਰ ਦੇ ਬਾਥਰੂਮ ਵਿਚ ਡਿੱਗ ਪਿਆ।
ਸਵੇਰੇ ਜਦੋਂ ਉਸ ਦਾ ਭਰਾ ਸਾਹਿਲ ਸ਼ਰਮਾ ਘਰ ਵਾਪਸ ਆਇਆ ਅਤੇ ਘਰ ਦਾ ਦਰਵਾਜ਼ਾ ਨਾ ਖੋਲ੍ਹਣ ’ਤੇ ਦੋਸਤਾਂ ਦੀ ਮਦਦ ਨਾਲ ਘਰ ਦੇ ਅੰਦਰ ਵੜ ਕੇ ਦੇਖਿਆ ਤਾਂ ਪੁਨੀਤ ਸ਼ਰਮਾ ਬਾਥਰੂਮ ਵਿਚ ਡਿੱਗਿਆ ਪਿਆ ਸੀ ਜਿਸ ਤੋਂ ਬਾਅਦ ਉਸ ਨੇ ਮੈਡੀਕਲ ਸਹਾਇਤਾ ਲਈ ਡਾਕਟਰਾਂ ਨੂੰ ਸੱਦਿਆ।
ਡਾਕਟਰਾਂ ਨੇ ਦਸਿਆ ਕਿ ਪੁਨੀਤ ਸ਼ਰਮਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਧਰ ਇਸ ਦੀ ਸੂਚਨਾ ਮਾਤਾ ਪਿਤਾ ਨੂੰ ਮਿਲਣ ’ਤੇ ਉਹ ਵਿਦੇਸ਼ ਲਈ ਰਵਾਨਾ ਹੋ ਗਏ। ਪਰਿਵਾਰਕ ਮੈਂਬਰਾਂ ਅਨੁਸਾਰ 14 ਜੂਨ ਨੂੰ ਪੁਨੀਤ ਸ਼ਰਮਾ ਦਾ ਸਸਕਾਰ ਕੈਲਗਿਰੀ ਵਿਖੇ ਕਰ ਦਿਤਾ ਜਾਵੇਗਾ। ਪੁਨੀਤ ਸ਼ਰਮਾ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।