
ਜਹਾਜ਼ ਦੇ ਨੋਜ਼ ਲੈਂਡਿੰਗ ਗੀਅਰ 'ਚ ਤਕਨੀਕੀ ਖਰਾਬੀ ਕਾਰਨ ਵਾਪਰਿਆ ਹਾਦਸਾ
ਬੈਂਗਲੁਰੂ ਦੇ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐਚ.ਏ.ਐਲ.) ਹਵਾਈ ਅੱਡੇ 'ਤੇ ਇੱਕ ਵੱਡਾ ਹਾਦਸਾ ਟਲ ਗਿਆ। ਮੰਗਲਵਾਰ ਨੂੰ ਇਥੇ ਇਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਈ। ਜਹਾਜ਼ ਦੇ ਨੋਜ਼ ਲੈਂਡਿੰਗ ਗੀਅਰ 'ਚ ਤਕਨੀਕੀ ਖਰਾਬੀ ਆ ਗਈ ਸੀ। ਜਿਸ ਤੋਂ ਬਾਅਦ ਪਾਇਲਟ ਨੇ ਐਮਰਜੈਂਸੀ ਲੈਂਡਿੰਗ ਕਰਵਾਉਣ ਦਾ ਫ਼ੈਸਲਾ ਕੀਤਾ। ਇਸ ਦੌਰਾਨ ਜਹਾਜ਼ ਦੇ ਕਾਕਪਿਟ ਦਾ ਕੁਝ ਹਿੱਸਾ ਰਨਵੇਅ ਨਾਲ ਟਕਰਾ ਗਿਆ।
ਘਟਨਾ ਦੀ ਇਕ ਵੀਡੀਉ ਸਾਹਮਣੇ ਆਈ ਹੈ। ਵਾਇਰ ਪ੍ਰੀਮੀਅਰ 1ਏ ਜਹਾਜ਼ ਮੰਗਲਵਾਰ ਨੂੰ ਐਚ.ਏ.ਐਲ. ਹਵਾਈ ਅੱਡੇ ਤੋਂ ਬੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਜਾ ਰਿਹਾ ਸੀ। ਵੀਡੀਉ 'ਚ ਦੇਖਿਆ ਜਾ ਸਕਦਾ ਹੈ ਕਿ ਐਚ.ਏ.ਐਲ. ਏਅਰਪੋਰਟ 'ਤੇ ਲੈਂਡਿੰਗ ਦੌਰਾਨ ਜਹਾਜ਼ ਕਾਫੀ ਦੂਰੀ ਤਕ ਸੁਚਾਰੂ ਢੰਗ ਨਾਲ ਚੱਲਦਾ ਰਿਹਾ। ਇਸ ਦੌਰਾਨ ਰਨਵੇਅ'ਤੇ ਪਾਣੀ ਦੇ ਇੱਕ ਪੂਲ ਨੂੰ ਪਾਰ ਕਰਦੇ ਸਮੇਂ ਜਹਾਜ਼ ਅਸੰਤੁਲਿਤ ਹੋ ਗਿਆ ਅਤੇ ਰਨਵੇਅ ਨਾਲ ਟਕਰਾ ਗਿਆ। ਘਟਨਾ ਦੇ ਸਮੇਂ ਜਹਾਜ਼ ਵਿਚ ਦੋ ਪਾਇਲਟ ਸਨ ਅਤੇ ਕੋਈ ਯਾਤਰੀ ਮੌਜੂਦ ਨਹੀਂ ਸੀ।
ਇਹ ਵੀ ਪੜ੍ਹੋ: ਮੋਟਰਸਾਈਕਲ ਸਵਾਰਾਂ ਨੂੰ ਟਰਾਲੇ ਨੇ ਦਰੜਿਆ
ਇਸ ਤੋਂ ਪਹਿਲਾਂ 15 ਜੂਨ ਨੂੰ ਗੁਜਰਾਤ ਦੇ ਅਹਿਮਦਾਬਾਦ ਹਵਾਈ ਅੱਡੇ 'ਤੇ ਵੱਡਾ ਹਾਦਸਾ ਟਲ ਗਿਆ ਸੀ। ਦਰਅਸਲ, ਬੈਂਗਲੁਰੂ ਤੋਂ ਅਹਿਮਦਾਬਾਦ ਜਾ ਰਹੇ ਇੰਡੀਗੋ ਜਹਾਜ਼ ਦਾ ਪਿਛਲਾ ਹਿੱਸਾ ਜ਼ਮੀਨ ਨਾਲ ਟਕਰਾ ਗਿਆ। ਹਾਲਾਂਕਿ ਜਹਾਜ਼ ਸੁਰੱਖਿਅਤ ਉਤਰ ਗਿਆ। ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਰਹੇ। ਇੰਡੀਗੋ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਸਨ।
ਇੰਡੀਗੋ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਬੈਂਗਲੁਰੂ ਤੋਂ ਅਹਿਮਦਾਬਾਦ ਜਾ ਰਹੀ ਇੰਡੀਗੋ ਦੀ ਉਡਾਣ 6E6595 ਅਹਿਮਦਾਬਾਦ 'ਚ ਲੈਂਡਿੰਗ ਦੌਰਾਨ ਟੇਲ ਸਟ੍ਰਾਈਕ ਦਾ ਸ਼ਿਕਾਰ ਹੋ ਗਈ। ਜਾਂਚ ਅਤੇ ਮੁਰੰਮਤ ਲਈ ਜਹਾਜ਼ ਨੂੰ ਅਹਿਮਦਾਬਾਦ ਹਵਾਈ ਅੱਡੇ 'ਤੇ ਹੀ ਗਰਾਊਂਡ ਕਰ ਦਿਤਾ ਗਿਆ ਹੈ।