
ਦੁੱਗਲ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ 2008 ਦੀ ਰਾਸ਼ਟਰਪਤੀ ਮੁਹਿੰਮ ਵਿਚ ਸਰਗਰਮ ਸੀ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤੀ ਮੂਲ ਦੀ ਸਿਆਸੀ ਕਾਰਕੁਨ ਸ਼ੈਫਾਲੀ ਰਾਜ਼ਦਾਨ ਦੁੱਗਲ ਨੂੰ ਨੀਦਰਲੈਂਡ ਵਿਚ ਆਪਣਾ ਰਾਜਦੂਤ ਨਾਮਜ਼ਦ ਕਰਨ ਦਾ ਇਰਾਦਾ ਪ੍ਰਗਟਾਇਆ ਹੈ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿਤੀ। ਪ੍ਰਵਾਸੀ ਭਾਰਤੀ 50 ਸਾਲਾ ਦੁੱਗਲ ਮੂਲ ਰੂਪ ਵਿਚ ਭਾਰਤ ਵਿਚ ਕਸ਼ਮੀਰ ਤੋਂ ਹੈ। ਉਹ ਸਿਨਸਿਨਾਟੀ, ਸ਼ਿਕਾਗੋ, ਨਿਊਯਾਰਕ ਅਤੇ ਬੋਸਟਨ ਵਿਚ ਵੱਡੀ ਹੋਈ। ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਕਈ ਹੋਰ ਪ੍ਰਮੁੱਖ ਪ੍ਰਸ਼ਾਸਨਿਕ ਅਤੇ ਕੂਟਨੀਤਕ ਅਹੁਦਿਆਂ ’ਤੇ ਨਿਯੁਕਤੀ ਦੇ ਐਲਾਨ ਦੇ ਨਾਲ-ਨਾਲ ਦੁੱਗਲ ਨੂੰ ਲੈ ਕੇ ਇਸ ਬਾਰੇ ਜਾਣਕਾਰੀ ਦਿਤੀ।
Shefali Razdan Duggal
ਵ੍ਹਾਈਟ ਹਾਊਸ ਨੇ ਕਿਹਾ ਕਿ ਦੁੱਗਲ, ਦੋ ਬੱਚਿਆਂ ਦੀ ਮਾਂ, ਇਕ ਅਨੁਭਵੀ ਸਿਆਸੀ ਕਾਰਕੁਨ, ਔਰਤਾਂ ਦੇ ਅਧਿਕਾਰਾਂ ਦੀ ਵਕੀਲ ਅਤੇ ਮਨੁੱਖੀ ਅਧਿਕਾਰਾਂ ਦੀ ਪ੍ਰਚਾਰਕ ਹੈ। ਉਹ ਹੋਲੋਕਾਸਟ ਮੈਮੋਰੀਅਲ ਮਿਊਜ਼ੀਅਮ ਦੀ ਕੌਂਸਲ ਲਈ ਪਹਿਲਾਂ ਰਾਸ਼ਟਰਪਤੀ ਵਲੋਂ ਨਿਯੁਕਤ ਕੀਤੀ ਜਾ ਚੁੱਕੀ ਹੈ ਹੈ ਅਤੇ ਪੱਛਮੀ ਖੇਤਰ ਸਲਾਹਕਾਰ ਵਜੋਂ ਕੰਮ ਕਰ ਰਹੀ ਹੈ। ਦੁੱਗਲ ਹਿਊਮਨ ਰਾਈਟਸ ਵਾਚ ਦੀ ਸੈਨ ਫ਼ਰਾਂਸਿਸਕੋ ਕਮੇਟੀ ਦੀ ਮੈਂਬਰ ਹੈ। ਵੇਕ ਫ਼ੋਰੈਸਟ ਯੂਨੀਵਰਸਿਟੀ ਲੀਡਰਸ਼ਿਪ ਐਂਡ ਕਰੈਕਟਰ ਕੌਂਸਲ ਦੀ ਮੈਂਬਰ ਹੈ ਅਤੇ ਐਮਿਲੀਜ ਦੀ ਸੂਚੀ ਲਈ ਨੈਸ਼ਨਲ ਬੋਰਡ ਆਫ਼ ਡਾਇਰੈਕਟਰਜ਼ ਵਿਚ ਸ਼ਾਮਲ ਹੈ।
Shefali Razdan Duggal
ਉਨ੍ਹਾਂ ਨੇ ਨਿਊਯਾਰਕ ਯੂਨੀਵਰਸਿਟੀ ਤੋਂ ਰਾਜਨੀਤਿਕ ਸੰਚਾਰ ਵਿਚ ਐਮ.ਏ. ਕੀਤੀ ਹੈ ਅਤੇ ਮਿਆਮੀ ਯੂਨੀਵਰਸਿਟੀ ਤੋਂ ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ ਵੀ ਕੀਤੀ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਉਨ੍ਹਾਂ ਨੇ ਬਾਈਡੇਨ ਲਈ ਔਰਤਾਂ ਦੀ ਰਾਸ਼ਟਰੀ ਸਹਿ-ਪ੍ਰਧਾਨ ਅਤੇ ਡੈਮੋਕਰੇਟਿਕ ਨੈਸ਼ਨਲ ਕਮੇਟੀ ਵਿਚ ਉਪ-ਰਾਸ਼ਟਰੀ ਵਿੱਤ ਪ੍ਰਧਾਨ ਦੇ ਰੂਪ ਵਜੋਂ ਕੰਮ ਕੀਤਾ। ਦੁੱਗਲ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ 2008 ਦੀ ਰਾਸ਼ਟਰਪਤੀ ਮੁਹਿੰਮ ਵਿਚ ਸਰਗਰਮ ਸੀ ਅਤੇ ਹਿਲੇਰੀ ਕਲਿੰਟਨ ਦੀ ਰਾਸ਼ਟਰਪਤੀ ਮੁਹਿੰਮ ਨਾਲ ਵੀ ਜੁੜੀ ਸੀ, ਜਿੱਥੇ ਉਹ ਹਿਲੇਰੀ ਦੀ ਮੁਹਿੰਮ ਲਈ ਉੱਤਰੀ ਕੈਲੀਫ਼ੋਰਨੀਆ ਸੰਚਾਲਨ ਕਮੇਟੀ ਅਤੇ ਔਰਤਾਂ ਲਈ ਹਿਲੇਰੀ ਕਮੇਟੀ ਦੀ ਮੈਂਬਰ ਸੀ।