
ਜਸਕੀਰਤ ਸਿੰਘ ਸਿੱਧੂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਕੈਨੇਡਾ ਤੋਂ ਡਿਪੋਰਟ ਕਰ ਦਿਤਾ ਜਾਵੇਗਾ
ਨਿਊਯਾਰਕ : ਕੈਨੇਡਾ ’ਚ ਹਮਬੋਲਟ ਬ੍ਰੋਕੋਸ ਬੱਸ ਹਾਦਸੇ ਵਿਚ 16 ਲੋਕਾਂ ਦੀ ਜਾਨ ਲੈਣ ਵਾਲੇ ਇਕ ਪੰਜਾਬੀ ਮੂਲ ਦੇ ਸੈਮੀ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਕੈਨੇਡਾ ਤੋਂ ਡਿਪੋਰਟ ਕਰ ਦਿਤਾ ਜਾਵੇਗਾ। ਸਿੱਧੂ ਦੇ ਇਮੀਗ੍ਰੇਸ਼ਨ ਵਕੀਲ ਮਾਈਕਲ ਗ੍ਰੀਨ ਅਨੁਸਾਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਵਲੋਂ ਸਿੱਧੂ ਦੀ ਉਸ ਅਪੀਲ ਨੂੰ ਰੱਦ ਕਰ ਦਿਤਾ ਗਿਆ ਹੈ, ਜਿਸ ਵਿਚ ਸਿੱਧੂ ਵਲੋਂ ਉਸ ਦੀ ਜੇਲ੍ਹ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਵਲੋਂ ਕੈਨੇਡਾ ਵਿਚ ਰਹਿਣ ਦੀ ਇਜਾਜ਼ਤ ਮੰਗੀ ਗਈ ਸੀ।
ਇਥੇ ਦੱਸਣਯੋਗ ਹੈ ਕਿ 6 ਅਪ੍ਰੈਲ 2018 ਨੂੰ ਵਾਪਰੇ ਬੱਸ ਹਾਦਸੇ ਵਿਚ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 13 ਹੋਰ ਜ਼ਖ਼ਮੀ ਹੋ ਗਏ ਸਨ। ਮਰਨ ਵਾਲਿਆਂ ਅਤੇ ਜ਼ਖ਼ਮੀਆਂ ਵਿਚ ਜ਼ਿਆਦਾਤਰ ਸਸਕੈਚਵਨ ਦੀ ਜੂਨੀਅਰ ਆਈਸ ਹਾਕੀ ਟੀਮ ਦੇ ਖਿਡਾਰੀ ਸਨ। ਸਥਾਈ ਤੌਰ ’ਤੇ ਕੈਨੇਡਾ ਦਾ ਨਿਵਾਸੀ ਹੋਣ ਦਾ ਦਰਜਾ ਰੱਖਣ ਵਾਲੇ ਸਿੱਧੂ ਨੂੰ ਖ਼ਤਰਨਾਕ ਡਰਾਈਵਿੰਗ ਕਰਨ, ਮੌਤ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਮੰਨਣ ਤੋਂ ਬਾਅਦ ਅਦਾਲਤ ਨੇ 8 ਸਾਲ ਦੀ ਸਜ਼ਾ ਸੁਣਾਈ ਸੀ। ਹੁਣ ਸਿੱਧੂ ਦਾ ਮਾਮਲਾ ਇਮੀਗ੍ਰੇਸ਼ਨ ਅਤੇ ਰਫ਼ਿਊਜੀ ਬੋਰਡ ਨੂੰ ਸੌਂਪਿਆ ਜਾਵੇਗਾ ਤਾਂ ਜੋ ਫ਼ੈਸਲਾ ਕੀਤਾ ਜਾ ਸਕੇ ਕਿ ਉਸ ਨੂੰ ਭਾਰਤ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ।