
ਸਤਪ੍ਰੀਤ ਇਕ ਸਰਗਰਮ ਅਤੇ ਬਹੁਪੱਖੀ ਸ਼ਖਸੀਅਤ ਦੇ ਮਾਲਕ ਹਨ ਜਿਨ੍ਹਾਂ ਨੇ ਵਪਾਰ, ਅਕਾਦਮਿਕਤਾ ਅਤੇ ਸਮਾਜ ਭਲਾਈ ਸਮੇਤ ਵੱਖ-ਵੱਖ ਖੇਤਰਾਂ ’ਚ ਅਪਣੇ ਲਈ ਇਕ ਸਥਾਨ ਬਣਾਇਆ ਹੈ
ਮੈਕਸੀਕੋ ਸਿਟੀ : ਉੱਚ ਸਿੱਖਿਆ ਦੀ ਇਕ ਪ੍ਰਸਿੱਧ ਸੰਸਥਾ ਐਜ਼ਟੇਕਾ ਯੂਨੀਵਰਸਿਟੀ ਇਕ ਮਿਸਾਲੀ ਸਿੱਖ-ਅਮਰੀਕੀ ਆਗੂ, ਉੱਦਮੀ, ਖੋਜਕਾਰ, ਲੇਖਕ ਅਤੇ ਪਰਉਪਕਾਰੀ ਸਤਪ੍ਰੀਤ ਸਿੰਘ ਨੂੰ ਮੈਨੇਜਰਮੈਂਟ ’ਚ ਐਡਵਾਂਸਡ ਸਟੱਡੀਜ਼ ’ਚ ਆਨਰੇਰੀ ਡਾਕਟਰੇਟ ਪ੍ਰਦਾਨ ਕਰੇਗੀ। ਇਹ ਸਮਾਰੋਹ ਦਸੰਬਰ ’ਚ ਮੈਕਸੀਕੋ ਸਿਟੀ ’ਚ ਯੂਨੀਵਰਸਿਟੀ ਦੇ ਮੁੱਖ ਕੈਂਪਸ ’ਚ ਕੀਤਾ ਜਾਵੇਗਾ।
ਸਤਪ੍ਰੀਤ ਸਿੰਘ ਇਕ ਸਰਗਰਮ ਅਤੇ ਬਹੁਪੱਖੀ ਸ਼ਖਸੀਅਤ ਦੇ ਮਾਲਕ ਹਨ ਜਿਨ੍ਹਾਂ ਨੇ ਵਪਾਰ, ਅਕਾਦਮਿਕਤਾ ਅਤੇ ਸਮਾਜ ਭਲਾਈ ਸਮੇਤ ਵੱਖ-ਵੱਖ ਖੇਤਰਾਂ ’ਚ ਅਪਣੇ ਲਈ ਇਕ ਸਥਾਨ ਬਣਾਇਆ ਹੈ। ਉਨ੍ਹਾਂ ਦੀ ਅਗਵਾਈ, ਨਵੀਂ ਖੋਜ ਅਤੇ ਭਾਈਚਾਰੇ ਦੇ ਵਿਕਾਸ ਲਈ ਵਚਨਬੱਧਤਾ ਨੇ ਉਨ੍ਹਾਂ ਨੂੰ ਅਮਰੀਕਾ ਅਤੇ ਵਿਦੇਸ਼ਾਂ ’ਚ ਮਾਨਤਾ ਅਤੇ ਪ੍ਰਸ਼ੰਸਾ ਦਿਵਾਈ।
ਸਤਪ੍ਰੀਤ ਸਿੰਘ, ਵਰਤਮਾਨ ’ਚ ਇੱਕ ਕੈਲੀਫੋਰਨੀਆ-ਅਧਾਰਤ ਕਾਰਪੋਰੇਸ਼ਨ ‘ਅਰਦਾਸ’ ਦੇ ਸੀ.ਈ.ਓ. ਵਜੋਂ ਸੇਵਾ ਨਿਭਾ ਰਹੇ ਹਨ ਅਤੇ ਸੰਗਠਨਾਤਮਕ ਅਗਵਾਈ ਅਤੇ ਉੱਦਮਸ਼ੀਲਤਾ ’ਚ ਮੋਢੀ ਰਹੇ ਹੈ। ਛੋਟੇ ਅਤੇ ਮੱਧ-ਆਕਾਰ ਦੇ ਕਾਰੋਬਾਰਾਂ ’ਚ ਵਿਕਾਸ ਅਤੇ ਸਫਲਤਾ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਸਮਰਪਣ ਨੇ 10,000 ਤੋਂ ਵੱਧ ਉੱਦਮਾਂ ਨੂੰ ਸਕਾਰਾਤਮਕ ਤੌਰ ’ਤੇ ਪ੍ਰਭਾਵਤ ਕੀਤਾ ਹੈ।
ਕਾਰੋਬਾਰ ਦੇ ਗਠਨ, ਸਲਾਹ-ਮਸ਼ਵਰੇ, ਪਾਲਣਾ, ਤਨਖਾਹ, ਅਤੇ ਹੋਰ ਬਹੁਤ ਕੁਝ ’ਚ ਮੁਹਾਰਤ ਦੇ ਨਾਲ, ਸਤਪ੍ਰੀਤ ਸਿੰਘ ਦੇ ਯੋਗਦਾਨ ਨੇ ਬਹੁਤ ਸਾਰੇ ਕਾਰੋਬਾਰਾਂ ਦੇ ਆਰਥਕ ਮਜ਼ਬੂਤੀਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।