ਨਵਾਂ ਸ਼ਹਿਰ ਦੇ ਪਿੰਡ ਮੱਲ੍ਹਾ ਬੇਦੀਆਂ ਨਾਲ ਸੀ ਸਬੰਧਿਤ
ਕੈਨੇਡਾ ਦੇ ਸਰੀ ਸ਼ਹਿਰ ਵਿਚ ਦਿਨ-ਦਿਹਾੜੇ ਅਣਪਛਾਤੇ ਹਮਲਾਵਰਾਂ ਨੇ ਇੱਕ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਬਿੰਦਰ ਗਰਚਾ ਵਜੋਂ ਹੈ, ਜੋ ਕਿ ਨਵਾਂਸ਼ਹਿਰ ਜ਼ਿਲ੍ਹੇ ਦੇ ਮੱਲਾ ਬੇਦੀਆਂ ਪਿੰਡ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ ਦੁਪਹਿਰ 12 ਵਜੇ ਦੇ ਕਰੀਬ ਬ੍ਰਿਟਿਸ਼ ਕੋਲੰਬੀਆ ਵਿਚ ਸਿੱਖਾਂ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਸਰੀ ਦੀ 176 ਸਟਰੀਟ ਅਤੇ 35 ਐਵੇਨਿਊ ਦੇ ਕੋਲ ਵਾਪਰੀ।
ਮੌਕੇ ਉਤੇ ਪਹੁੰਚੀ ਪੁਲਿਸ ਨੇ ਗੋਲੀਆਂ ਨਾਲ ਜ਼ਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਹਾਲਾਂਕਿ ਪੁਲਿਸ ਨੇ ਮ੍ਰਿਤਕ ਦੀ ਪਛਾਣ ਅਧਿਕਾਰਤ ਤੌਰ 'ਤੇ ਜਾਰੀ ਨਹੀਂ ਕੀਤੀ ਹੈ, ਪਰ ਸੂਤਰਾਂ ਨੇ ਮਾਰੇ ਗਏ ਕਾਰੋਬਾਰੀ ਦੀ ਪਛਾਣ ਬਿੰਦਰ ਗਰਚਾ ਵਜੋਂ ਕੀਤੀ ਹੈ। ਹਮਲਾਵਰਾਂ ਨੇ ਉਸ ਨੂੰ ਉਸ ਦੇ ਫਾਰਮ ਦੇ ਗੇਟ ਨੇੜੇ ਨਿਸ਼ਾਨਾ ਬਣਾਇਆ।
ਕਤਲ ਤੋਂ ਥੋੜ੍ਹੀ ਦੇਰ ਬਾਅਦ, ਪੁਲਿਸ ਨੂੰ 189ਵੀਂ ਸਟਰੀਟ ਅਤੇ 40ਵੀਂ ਐਵੇਨਿਊ ਦੇ ਨੇੜੇ ਇੱਕ ਸੜੀ ਹੋਈ ਕਾਰ ਮਿਲੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਗੱਡੀ ਕਤਲ ਨਾਲ ਜੁੜੀ ਹੋ ਸਕਦੀ ਹੈ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਫੋਰੈਂਸਿਕ ਟੀਮਾਂ ਸਬੂਤ ਇਕੱਠੇ ਕਰ ਰਹੀਆਂ ਸਨ। ਗਰਚਾ ਸਰੀ ਦੇ ਕਈ ਸਫਲ ਕਾਰੋਬਾਰਾਂ ਵਿੱਚ ਸ਼ਾਮਲ ਸੀ। ਉਹ ਆਪਣੇ ਪਿੱਛੇ ਆਪਣੀ ਪਤਨੀ, ਦੋ ਧੀਆਂ, ਇੱਕ ਪੁੱਤਰ ਅਤੇ ਆਪਣੇ ਮਾਤਾ-ਪਿਤਾ ਛੱਡ ਗਿਆ ਹੈ।
