
ਰਿਪੁਦਮਨ ਦਾ ਜਦੋਂ ਕਤਲ ਕੀਤਾ ਗਿਆ ਤਾਂ ਉਹ ਆਪਣੇ ਦਫਤਰ ਤੋਂ ਘਰ ਜਾ ਰਹੇ ਸਨ।
ਸਰੀ: ਏਅਰ ਇੰਡੀਆ ਬੰਬ ਧਮਾਕੇ ਦੇ ਕੇਸ ਵਿਚ ਬਰੀ ਹੋਏ ਸਿੱਖ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦੀ ਕੈਨੇਡਾ ਦੇ ਵੈਨਕੂਵਰ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਿਪੁਦਮਨ ਦਾ ਜਦੋਂ ਕਤਲ ਕੀਤਾ ਗਿਆ ਤਾਂ ਉਹ ਆਪਣੇ ਦਫਤਰ ਤੋਂ ਘਰ ਜਾ ਰਹੇ ਸਨ। ਇਸ ਸਾਲ ਜਨਵਰੀ ਵਿਚ ਰਿਪੁਦਮਨ ਸਿੰਘ ਨੇ ਪੀਐਮ ਮੋਦੀ ਦੀ ਤਾਰੀਫ਼ ਕੀਤੀ ਸੀ। ਇਸ ਦੇ ਨਾਲ ਹੀ ਮੋਦੀ ਸਰਕਾਰ ਵੱਲੋਂ ਸਿੱਖ ਕੌਮ ਲਈ ਚੁੱਕੇ ਗਏ ਕਦਮਾਂ ਲਈ ਧੰਨਵਾਦ ਕੀਤਾ ਸੀ।
ਸਰੀ ਦੀ 128 ਸਟਰੀਟ ਦੇ 82-ਬਲਾਕ 'ਚ ਵੀਰਵਾਰ ਸਵੇਰੇ ਕਰੀਬ 9.26 'ਤੇ ਹਮਲਾਵਰ ਨੇ ਰਿਪੁਦਮਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਹਮਲਾਵਰ ਇਕ ਕਾਰ ਵਿਚ ਆਏ ਸਨ। ਉਹਨਾਂ ਨੇ ਕੁਝ ਦੂਰੀ 'ਤੇ ਕਾਰ ਪਾਰਕ ਕੀਤੀ ਅਤੇ ਫਿਰ ਬਾਈਕ 'ਤੇ ਸਵਾਰ ਹੋ ਗਏ। ਰਿਪੁਦਮਨ ਆਪਣੇ ਪਿੱਛੇ ਆਪਣੀ ਪਤਨੀ ਅਤੇ ਪੰਜ ਬੱਚੇ ਛੱਡ ਗਏ ਹਨ।
Ripudaman Singh Malik shot dead in Surrey
ਦੱਸ ਦੇਈਏ ਕਿ ਖ਼ਾਲਸਾ ਸਕੂਲ ਕੈਨੇਡਾ ਦੇ ਮੁਖੀ, ਖ਼ਾਲਸਾ ਕ੍ਰੈਡਿਟ ਯੂਨੀਅਨ ਦੇ ਸੰਸਥਾਪਕ ਰਿਪੁਦਮਨ ਸਿੰਘ ਮਲਿਕ ਨੇ ਹਾਲ ਹੀ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਇਕ ਪੱਤਰ ਵਿਚ ਮੌਜੂਦਾ ਭਾਰਤ ਸਰਕਾਰ ਵੱਲੋਂ ਸਿੱਖਾਂ ਪ੍ਰਤੀ ਕੀਤੇ ਜਾ ਰਹੇ ਕੰਮਾਂ ਲਈ ਧੰਨਵਾਦ ਪ੍ਰਗਟਾਇਆ ਸੀ। ਰਿਪੁਦਮਨ ਸਿੰਘ ਬਰੀ ਹੋਣ ਤੋਂ ਬਾਅਦ ਵੀ ਕਾਲੀ ਸੂਚੀ ਵਿਚ ਸਨ ਪਰ ਜਦੋਂ ਮੋਦੀ ਸਰਕਾਰ ਨੇ ਕਾਲੀ ਸੂਚੀ ਨੂੰ ਖ਼ਤਮ ਕੀਤਾ ਤਾਂ ਰਿਪੁਦਮਨ ਸਿੰਘ ਭਾਰਤ ਦੌਰੇ ’ਤੇ ਆਏ ਸਨ।
Ripudaman Singh Malik shot dead in Surrey
ਰੌਇਲ ਕੈਨੇਡਾ ਮਾਊਂਟਡ ਪੁਲਿਸ ਇਸ ਨੂੰ ਟਾਰਗੇਟਿਡ ਕਿਲਿੰਗ ਦਾ ਮਾਮਲਾ ਦੱਸ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਦੇ ਨੇੜੇ ਹੀ ਇਕ ਸ਼ੱਕੀ ਵਾਹਨ ਨੂੰ ਕੁਝ ਹੀ ਪਲਾਂ ਬਾਅਦ ਅੱਗ ਲਗਾ ਦਿੱਤੀ ਗਈ। ਪੁਲਿਸ ਘਟਨਾ ਵਿਚ ਵਰਤੇ ਗਏ ਇਕ ਹੋਰ ਵਾਹਨ ਅਤੇ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਰਿਪੁਦਮਨ ਸਾਲ 23 ਜੂਨ 1985 ਨੂੰ ਵਾਪਰੇ ਏਅਰ ਇੰਡੀਆ 182 ਬੰਬ ਧਮਾਕੇ ਵਿਚ ਮੁਖ ਮੁਲਜ਼ਮ ਸਨ। ਕੈਨੇਡਾ ਦੀ ਸੁਪਰੀਮ ਕੋਰਟ ਨੇ ਉਹਨਾਂ ਨੂੰ ਸਾਲ 2005 ਵਿਚ ਸਾਜਿਸ਼ ਅਤੇ ਕਤਲ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਸੀ।