ਸੈਕਿੰਡ ਲੈਫ਼ਟੀਨੈਂਟ ਵਜੋਂ ਟ੍ਰੇਨਿੰਗ ਸ਼ੁਰੂ, ਪਿੰਡ ਰਾਏਧਰਾਨਾ ਵਿਚ ਖ਼ੁਸ਼ੀਆਂ ਦਾ ਮਾਹੌਲ
ਲਹਿਰਾਗਾਗਾ (ਅਮਨਦੀਪ ਸਿੰਘ ਸੰਗਤਪੁਰਾ) : ਪੰਜਾਬੀਆਂ ਨੇ ਵਿਦੇਸ਼ਾਂ ਵਿਚ ਮਿਹਨਤ ਅਤੇ ਲਗਨ ਨਾਲ ਨਾਮ ਕਮਾਇਆ ਹੈ। ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਪਿੰਡ ਰਾਏਧਰਾਨਾ (ਤਹਿਸੀਲ ਲਹਿਰਾ, ਜ਼ਿਲ੍ਹਾ ਸੰਗਰੂਰ) ਦੇ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਜੈਮਲ ਸਿੰਘ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਫ਼ਰਵਰੀ 2024 ਵਿਚ ਕੈਨੇਡੀਅਨ ਆਰਮਡ ਫ਼ੋਰਸ ਵਿਚ ਸੈਕਿੰਡ ਲੈਫ਼ਟੀਨੈਂਟ ਵਜੋਂ ਭਰਤੀ ਹੋ ਕੇ ਅੱਜ ਟ੍ਰੇਨਿੰਗ ਕਰ ਰਹੇ ਹਨ।
ਇਸ ਖੁਸ਼ਖਬਰੀ ਨਾਲ ਪੂਰੇ ਹਲਕਾ ਲਹਿਰਾਗਾਗਾ ਵਿਚ ਖ਼ੁਸ਼ੀ ਦੀ ਲਹਿਰ ਹੈ। ਪਰਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਘਰ ਤਾਂਤਾ ਲੱਗ ਗਿਆ ਹੈ। ਦੱਸਣਯੋਗ ਗੱਲ ਇਹ ਹੈ ਕਿ ਹਰਪ੍ਰੀਤ ਸਿੰਘ ਦੇ ਪਿਤਾ ਜੈਮਲ ਸਿੰਘ ਭਾਰਤੀ ਫ਼ੌਜ ਵਿਚੋੋਂ ਰਿਟਾਇਰ ਹਨ, ਮਾਤਾ ਜਸਵਿੰਦਰ ਕੌਰ ਨੇ ਬੱਚਿਆਂ ਨੂੰ ਮਿਹਨਤ ਤੇ ਅਨੁਸ਼ਾਸਨ ਦੀ ਸਿਖਿਆ ਦਿੱਤੀ।
ਛੋਟੀ ਭੈਣ ਮਨਪ੍ਰੀਤ ਕੌਰ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਟ (ਪੀਆਰ) ਹੈ। ਪਿਤਾ ਜੈਮਲ ਸਿੰਘ ਨੇ ਕਿਹਾ ਕਿ ਮੇਰੇ ਬੱਚੇ ਨੇ ਅਪਣੀ ਲਗਨ, ਵਿਸ਼ਵਾਸ ਤੇ ਦ੍ਰਿੜ੍ਹਤਾ ਨਾਲ ਸਭ ਕੁਝ ਹਾਸਲ ਕੀਤਾ ਹੈ। ਇਸ ਖੁਸ਼ੀ ਵਿਚ ਵਾਧਾ ਕਰਦਿਆਂ ਹਰਪ੍ਰੀਤ ਸਿੰਘ ਦੇ ਪਿਤਾ ਨੂੰ ਕੈਬਨਿਟ ਮੰਤਰੀ ਬਰਿੰਦਰ ਗੋਇਲ ਹਲਕਾ ਵਿਧਾਇਕ ਲਹਿਰਾਗਾਗਾ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਅਕਾਲੀ ਆਗੂ ਗਗਨਦੀਪ ਸਿੰਘ ਖੰਡੇਬਾਦ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ, ਅਕਾਲੀ ਦਲ ਅੰਮ੍ਰਿਤਸਰ ਹਲਕਾ ਇੰਚਾਰਜ ਜਥੇਦਾਰ ਪਰਗਟ ਸਿੰਘ ਗਾਗਾ ਆਦਿ ਆਗੂਆਂ ਨੇ ਵਧਾਈ ਦਿਤੀ।
