
ਦੋਸ਼ੀ ਨੇ ਰੱਬ ਦੀ ਤਸਵੀਰ ਦੇ ਪਿੱਛੇ ਲੁਕ ਕੇ ਦਿਲ ਅਤੇ ਬੱਚੇ ਦੀ ਆਤਮਾ ਨੂੰ ਤੋੜਿਆ : ਸਰਕਾਰੀ ਵਕੀਲ
ਮਿਲਬਰਨ: ਅਮਰੀਕੀ ਸੂਬੇ ਫਿਲਾਡੇਲਫੀਆ ਦੇ ਮਿਲਬੋਰਨ ’ਚ ਸਥਿਤ ਇਕ ਗੁਰਦੁਆਰੇ ਦੇ ਮੁੱਖ ਗ੍ਰੰਥੀ ਨੂੰ ਇਕ ਬੱਚੀ ਨਾਲ ਛੇੜਛਾੜ ਕਰਨ ਦੇ ਸਾਰੇ ਦੋਸ਼ਾਂ ਵਿਚ ਦੋਸ਼ੀ ਕਰਾਰ ਦਿਤਾ ਗਿਆ ਹੈ।
ਡਰਮੰਡ ਐਵੇਨਿਊ, ਡਰੈਕਸੇਲ ਹਿੱਲ ਦੇ 1200 ਬਲਾਕ ਦੇ ਵਸਨੀਕ ਬਲਵਿੰਦਰ ਸਿੰਘ (64) ਨੂੰ ਪਿਛਲੇ ਹਫਤੇ ਕਾਮਨ ਪਲੀਜ਼ ਕੋਰਟ ਦੇ ਜੱਜ ਜੀ. ਮਾਈਕਲ ਗ੍ਰੀਨ ਦੇ ਸਾਹਮਣੇ ਜਿਊਰੀ ਮੁਕੱਦਮੇ ਤੋਂ ਬਾਅਦ ਨਾਬਾਲਗ ਨਾਲ ਗੈਰਕਾਨੂੰਨੀ ਸੰਪਰਕ, 13 ਸਾਲ ਤੋਂ ਘੱਟ ਉਮਰ ਦੇ ਵਿਅਕਤੀ ’ਤੇ ਅਸ਼ਲੀਲ ਹਮਲਾ, ਨਾਬਾਲਗਾਂ ਨਾਲ ਗ਼ਲਤ ਹਰਕਤਾਂ ਅਤੇ ਬੱਚਿਆਂ ਦੀ ਭਲਾਈ ਨੂੰ ਖਤਰੇ ’ਚ ਪਾਉਣ ਦੇ ਦੋਸ਼ਾਂ ਦਾ ਦੋਸ਼ੀ ਪਾਇਆ ਗਿਆ ਸੀ।
ਸ਼ੁਕਰਵਾਰ ਦੇਰ ਰਾਤ ਫੈਸਲਾ ਸੁਣਾਉਣ ਤੋਂ ਪਹਿਲਾਂ ਜਿਊਰੀ ਨੇ ਲਗਭਗ ਡੇਢ ਘੰਟੇ ਤਕ ਵਿਚਾਰ-ਵਟਾਂਦਰੇ ਕੀਤੇ। ਜਿਊਰੀ ਮੈਂਬਰਾਂ ਨੇ ਮੁਕੱਦਮੇ ਦੌਰਾਨ ਪੀੜਤਾ ਦੀ ਗੱਲ ਸੁਣੀ, ਜਿਸ ਨੇ ਗਵਾਹੀ ਦਿਤੀ ਕਿ ਸੋਸ਼ਣ ਉਦੋਂ ਸ਼ੁਰੂ ਹੋਇਆ ਜਦੋਂ ਉਹ ਪਹਿਲੀ ਜਮਾਤ ’ਚ 5 ਜਾਂ 6 ਸਾਲ ਦੀ ਸੀ। ਉਸ ਨੇ ਕਿਹਾ ਕਿ ਇਹ ਸਾਰਾ ਕੁੱਝ 12 ਸਾਲ ਦੀ ਉਮਰ ਤਕ ਜਾਰੀ ਰਿਹਾ, ਜਿਸ ਤੋਂ ਬਾਅਦ ਉਸ ਨੇ ਸਕੂਲ ’ਚ ਇਕ ਮਾਰਗਦਰਸ਼ਨ ਸਲਾਹਕਾਰ ਨੂੰ ਇਸ ਬਾਰੇ ਸੂਚਿਤ ਕੀਤਾ। ਉਸ ਨੇ ਸਹਾਇਕ ਜ਼ਿਲ੍ਹਾ ਅਟਾਰਨੀ ਡੈਨੀਅਲ ਗੈਲਾਹਰ ਨੂੰ ਦਸਿਆ, ‘‘ਉਸ ਨੇ ਮੇਰੇ ਬਚਪਨ ’ਚ ਮੈਨੂੰ ਕਈ ਵਾਰ ਗਲਤ ਤਰੀਕੇ ਨਾਲ ਛੂਹਿਆ। ਮੈਂ ਸਕੂਲ ਤੋਂ ਬਾਅਦ ਸ਼ੁਕਰਵਾਰ ਨੂੰ ਗੁਰਦਵਾਰੇ ’ਚ (ਗੁਰਮਤਿ ਸੰਗੀਤ ਸਿੱਖਣ ਲਈ) ਜਾਂਦੀ ਸੀ ਅਤੇ ਇਹ ਹੁੰਦਾ ਸੀ।’’
ਪੀੜਤਾ (ਹੁਣ 22) ਨੇ ਕਿਹਾ ਕਿ ਦੋਸ਼ੀ ਸੰਗੀਤ ਸਿਖਾਉਣ ਲਈ ਇਕ ਵਿਸ਼ੇਸ਼ ਕਮਰੇ ਦੇ ਅੰਦਰ ਜਨਤਕ ਖੇਤਰ ’ਚ ਉਸ ਦੀਆਂ ਛਾਤੀਆਂ, ਪੱਟਾਂ ਅਤੇ ਗੁਪਤ ਅੰਗ ’ਤੇ ਹੱਥ ਲਾਉਂਦਾ ਸੀ। ਉਸ ਨੂੰ ਅਤੇ ਉਸ ਦੇ ਦੋ ਚਚੇਰੇ ਭਰਾਵਾਂ ਨੂੰ ਹਾਰਮੋਨੀਅਮ ਵਜਾਉਣਾ ਅਤੇ ਕੀਰਤਨ ਕਰਨਾ ਸਿਖਾਇਆ ਜਾਂਦਾ ਸੀ। ਉਸ ਨੇ ਕਿਹਾ ਕਿ ਉਸ ਦੇ ਮਾਪੇ ਅਤੇ ਹੋਰ ਬਾਲਗ ਵੀ ਕਈ ਵਾਰ ਉਸ ਨੂੰ ਵੇਖਣ ਲਈ ਕਮਰੇ ਵਿਚ ਆਉਂਦੇ ਸਨ, ਪਰ ਹਮਲੇ ਉਦੋਂ ਹੁੰਦੇ ਸਨ ਜਦੋਂ ਬੱਚੇ ਕਮਰੇ ਵਿਚ ਇਕੱਲੇ ਹੁੰਦੇ ਸਨ।
ਪੀੜਤਾ ਨੇ ਕਿਹਾ ਕਿ ਉਹ ਡਰੀ ਹੋਈ ਸੀ ਕਿ ਬਲਵਿੰਦਰ ਸਿੰਘ ਦਾ ਇਹ ਵਿਵਹਾਰ ਆਖਰਕਾਰ ਜਬਰ ਜਨਾਹ ਤਕ ਵਧ ਜਾਵੇਗਾ ਅਤੇ ਉਸ ਨੂੰ ਸ਼ਰਮ ਮਹਿਸੂਸ ਹੋਈ ਕਿ ਇਹ ਉਸ ਨਾਲ ਹੋ ਰਿਹਾ ਹੈ। ਉਸ ਨੇ ਕਿਹਾ, ‘‘ਉਸ ਦਾ ਏਨਾ ਅਸਰ-ਰਸੂਖ ਸੀ ਕਿ ਮੈਨੂੰ ਨਹੀਂ ਲਗਦਾ ਸੀ ਕਿ ਕੋਈ ਵੀ ਮੇਰੇ ’ਤੇ ਵਿਸ਼ਵਾਸ ਕਰੇਗਾ। ਲੋਕ ਉਸ ’ਤੇ ਸੱਚਮੁੱਚ ਭਰੋਸਾ ਕਰਦੇ ਸਨ।’’ ਪੀੜਤਾ ਦੀ ਮਾਂ ਮੁਤਾਬਕ ਇਹ ਡਰ ਸੱਚ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਜਦੋਂ ਪੀੜਤਾ ਨੇ 2014 ’ਚ ਪਹਿਲੀ ਵਾਰ ਪ੍ਰਗਟਾਵਾ ਕੀਤਾ ਸੀ ਤਾਂ ਗੁਰਦੁਆਰੇ ਦੀ ਲੀਡਰਸ਼ਿਪ ਨੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਇਸ ਨਾਲ ਧਰਮ ਅਤੇ ਭਾਈਚਾਰੇ ’ਤੇ ਮਾੜਾ ਅਸਰ ਪਵੇਗਾ। ਪੀੜਤਾ ਦੀ ਮਾਂ ਨੇ ਕਿਹਾ, ‘‘ਹਰ ਕਿਸੇ ਨੇ ਮੇਰੇ ’ਤੇ ਕੇਸ ਅੱਗੇ ਨਾ ਵਧਾਉਣ ਲਈ ਦਬਾਅ ਪਾਇਆ।’’
ਕੇਸ ਉਦੋਂ ਸ਼ੁਰੂ ਹੋਇਆ ਜਦੋਂ ਪੀੜਤ ਨੇ 2022 ’ਚ ਇਕ ਥੈਰੇਪਿਸਟ ਸਾਹਮਣੇ ਦੁਬਾਰਾ ਇਸ ਦਾ ਪ੍ਰਗਟਾਵਾ ਕੀਤਾ। ਉਸ ਨੇ ਕਿਹਾ ਕਿ ਉਸ ਸਮੇਂ ਪੁਲਿਸ ਨੇ ਉਸ ਨਾਲ ਸੰਪਰਕ ਕੀਤਾ ਸੀ, ਪਰ ਦੋਸ਼ਾਂ ਨੂੰ ਅੱਗੇ ਵਧਾਉਣ ਲਈ ਤਿਆਰ ਹੋਣ ਤੋਂ ਪਹਿਲਾਂ ਉਸ ਨੂੰ ਅਪਣੇ ਆਪ ਨੂੰ ਮਜ਼ਬੂਤ ਕਰਨ ਲਈ ਇਕ ਸਾਲ ਹੋਰ ਲੈਣਾ ਪਿਆ, ਜੋ ਆਖਰਕਾਰ 2023 ਵਿਚ ਲਿਆਂਦੇ ਗਏ ਸਨ।
ਅਦਾਲਤ ’ਚ ਹੋਈ ਬਹਿਸ
ਬਚਾਅ ਪੱਖ ਦੇ ਵਕੀਲ ਮਾਰਕ ਮਚ ਨੇ ਦਲੀਲ ਦਿਤੀ ਕਿ ਜਿਸ ਕਮਰੇ ਵਿਚ ਜਿਨਸੀ ਸੋਸ਼ਣ ਹੋਇਆ, ਉਹ ਨਾ ਸਿਰਫ ਗੁਰਦੁਆਰੇ ਦੇ ਬਾਕੀ ਹਿੱਸਿਆਂ ਲਈ ਖੁੱਲ੍ਹਾ ਸੀ, ਬਲਕਿ ਸੜਕ ਦੇ ਸਾਹਮਣੇ ਇਕ ਖਿੜਕੀ ਵੀ ਸੀ। ਜਿਨਸੀ ਸੋਸ਼ਣ ਦੀ ਘਟਨਾ ਸੈਂਕੜੇ ਵਾਰੀ ਵਾਪਰੀ, ਕਈ ਵਾਰ ਉਸ ਦੇ ਚਚੇਰੇ ਭਰਾਵਾਂ ਦੇ ਨੇੜੇ ਵਾਪਰੀ, ਪਰ ਕਿਸੇ ਹੋਰ ਨੇ ਕਦੇ ਵੀ ਅਜਿਹਾ ਹੁੰਦੇ ਵੇਖਣ ਦੀ ਰੀਪੋਰਟ ਨਹੀਂ ਕੀਤੀ। ਵਕੀਲ ਨੇ ਕਿਹਾ, ‘‘ਜੇ ਤੁਸੀਂ ਕਿਸੇ ਕਮਰੇ ’ਚ ਜਾਂਦੇ ਹੋ ਅਤੇ ਤੁਸੀਂ ਇਕ ਆਦਮੀ ਨੂੰ ਵੇਖਦੇ ਹੋ ਜਿਸ ਦੇ ਹੱਥ ਬੱਚੇ ਦੀ ਪੈਂਟ ਦੇ ਹੇਠਾਂ ਹਨ, ਤਾਂ ਤੁਸੀਂ ਉਸ ਆਦਮੀ ਨੂੰ ਅਣਗੌਲਿਆ ਨਹੀਂ ਕਰ ਸਕਦੇ।’’
ਜਦਕਿ ਪੀੜਤਾ ਦੇ ਵਕੀਲ ਨੇ ਕਿਹਾ ਕਿ ਪੀੜਤਾ ਨੇ ਕਦੇ ਵੀ ਸੰਕੇਤ ਨਹੀਂ ਦਿਤਾ ਕਿ ਇਹ ਉਦੋਂ ਵਾਪਰਿਆ ਜਦੋਂ ਹੋਰ ਬਾਲਗ ਕਮਰੇ ’ਚ ਹੁੰਦੇ। ਬੱਚਿਆਂ ਨੂੰ ਅਕਸਰ ਖ਼ੁਦ ਕਰਨ ਲਈ ਕੋਈ ਕੰਮ ਦਿਤਾ ਜਾਂਦਾ ਸੀ ਅਤੇ ਜਦੋਂ ਉਨ੍ਹਾਂ ਦਾ ਧਿਆਨ ਕਿਸੇ ਹੋਰ ਪਾਸੇ ਹੁੰਦਾ ਸੀ ਤਾਂ ਪੀੜਤਾ ਨਾਲ ਇਹ ਜਿਨਸੀ ਸੋਸ਼ਣ ਵਾਪਰਦਾ ਸੀ।
ਗਲਾਹਰ ਨੇ ਇਹ ਵੀ ਕਿਹਾ ਕਿ ਪੀੜਤਾ ਨੂੰ ਇਕ ਝੂਠੀ ਕਹਾਣੀ ਦੇ ਨਾਲ ਅੱਗੇ ਆਉਣ ਨਾਲ ਕੁੱਝ ਵੀ ਹਾਸਲ ਨਹੀਂ ਹੋਇਆ, ਖ਼ਾਸਕਰ ਇਸ ਸਮੇਂ, ਜਦੋਂ ਉਹ ਬਾਲਗ ਹੈ ਜਿਸ ਦਾ ਬਲਵਿੰਦਰ ਸਿੰਘ ਨਾਲ ਕੋਈ ਸੰਪਰਕ ਨਹੀਂ ਹੈ।
ਗਲਾਹਰ ਨੇ ਕਿਹਾ, ‘‘ਦੋਸ਼ੀ ਨੇ ਰੱਬ ਦੀ ਤਸਵੀਰ ਪਿੱਛੇ ਲੁਕ ਕੇ ਦਿਲ ਅਤੇ ਬੱਚੇ ਦੀ ਆਤਮਾ ਨੂੰ ਤੋੜਿਆ। ਅਸੀਂ ਇਹ ਸਮਝ ਵੀ ਨਹੀਂ ਸਕਦੇ ਕਿ ਇਸ ਦਾ ਉਸ ਦੇ ਵਿਕਾਸ, ਉਸ ਦੀ ਆਤਮਾ ’ਤੇ ਕੀ ਅਸਰ ਪਿਆ ਹੈ। ਅਤੇ ਦੋਸ਼ੀ ਨੇ ਸੋਚਿਆ ਕਿ ਕੋਈ ਉਸ ਦਾ ਕੁੱਝ ਨਹੀਂ ਵਿਗਾੜ ਸਕਦਾ।’’ ਬਲਵਿੰਦਰ ਸਿੰਘ 3 ਅਪ੍ਰੈਲ, 2023 ਤੋਂ ਜ਼ਮਾਨਤ ’ਤੇ ਰਿਹਾਅ ਸੀ। ਉਸ ਨੂੰ 10 ਅਕਤੂਬਰ ਨੂੰ ਸਜ਼ਾ ਸੁਣਾਈ ਜਾਣੀ ਹੈ।