
ਨੌਜਵਾਨਾਂ ਵਿਚ ਜ਼ਿਆਦਾਤਰ ਵਿਦਿਆਰਥੀ ਅਤੇ ਸੈਲਾਨੀ ਹਨ
ਕੈਨੇਡਾ - ਸਰੀ 'ਚ 40 ਪੰਜਾਬੀ ਨੌਜਵਾਨਾਂ ਨੇ ਇਕ ਪੁਲਿਸ ਅਧਿਕਾਰੀ ਨੂੰ ਡਿਊਟੀ ਦੌਰਾਨ ਘੇਰਾ ਪਾ ਲਿਆ ਜਿਸ ਕਰ ਕੇ ਇਹ ਸਾਰੇ ਨੌਜਵਾਨ ਕਸੂਤੇ ਫਸ ਗਏ ਹਨ ਤੇ ਕਿਹਾ ਜਾ ਰਿਹਾ ਹੈ ਕਿ ਹੁਣ ਇਨ੍ਹਾਂ ਨੂੰ ਭਾਰਤ ਵਾਪਸ ਭੇਜਿਆ ਜਾ ਸਕਦਾ ਹੈ। ਕੈਨੇਡੀਅਨ ਪੁਲਿਸ ਕਾਂਸਟੇਬਲ ਸਰਬਜੀਤ ਸੰਘਾ ਨੇ ਕਿਹਾ ਕਿ ਨੌਜਵਾਨਾਂ ਦਾ ਟੋਲਾ ਸੜਕ ’ਤੇ ਹੁੱਲੜਬਾਜ਼ੀ ਕਰ ਰਿਹਾ ਸੀ। ਨੌਜਵਾਨਾਂ ਵੱਲੋਂ ਸਟ੍ਰਾਬੇਰੀ ਹਿੱਲ ਪਲਾਜ਼ਾ 72 ਐਵੇਨਿਊ ਦੇ ਆਲੇ ਦੁਆਲੇ ਤਿੰਨ ਘੰਟੇ ਤੱਕ ਉੱਚੀ ਆਵਾਜ਼ ਵਿਚ ਡੈੱਕ ਵਜਾਇਆ ਜਾ ਰਿਹਾ ਸੀ। ਉੱਥੇ ਨਜ਼ਦੀਕ ਮੌਜੂਦ ਪੁਲਿਸ ਅਧਿਕਾਰੀ ਨੇ ਕਾਰ ’ਚ ਡੈੱਕ ਵਜਾਉਣ ਤੋਂ ਰੋਕਣ ਲਈ ਨੌਜਵਾਨਾਂ ਨੂੰ ਨੋਟਿਸ ਦਿੱਤਾ।
ਇਸ ’ਤੇ ਨੌਜਵਾਨਾਂ ਨੇ ਪੁਲਿਸ ਅਧਿਕਾਰੀ ਨੂੰ ਘੇਰ ਲਿਆ ਤੇ ਉਹਨਾਂ ਦੀ ਲਾਹ-ਪਾਹ ਕੀਤੀ। ਸੰਘਾ ਨੇ ਕਿਹਾ ਕਿ ਪੰਜਾਬੀਆਂ ਨੇ ਕੈਨੇਡਾ ਦੀ ਆਰਥਿਕਤਾ ਅਤੇ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ ਹੈ ਪਰ ਕਈ ਵਾਰ ਅਜਿਹੇ ਵਿਅਕਤੀ ਬਾਕੀਆਂ ਨੂੰ ਵੀ ਮੁਸੀਬਤ ਵਿਚ ਪਾ ਦਿੰਦੇ ਹਨ। ਇਸ ਸਾਰੀ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਵੀਡੀਓ ਰਿਕਾਰਡਿੰਗ ਵਿਚ 40 ਨੌਜਵਾਨਾਂ ਨੂੰ ਦਿਖਾਇਆ ਗਿਆ ਹੈ, ਜਿਨ੍ਹਾਂ ਵਿਚ ਜ਼ਿਆਦਾਤਰ ਵਿਦਿਆਰਥੀ ਅਤੇ ਸੈਲਾਨੀ ਹਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹਨਾਂ ਸਾਰੇ ਨੌਜਵਾਨਾਂ ਨੂੰ ਵਾਪਸ ਭਾਰਤ ਭੇਜਿਆ ਜਾ ਸਕਦਾ ਹੈ।