
ਕਦੇ ਕੀਤਾ ਸੀ ਹਾਕਾ-ਦਿਤੀ ਸੀ ਪੰਜਾਬ ਦੀ ਚਾਬੀ ਮੌਕਾ ਏ ਬਦਲ ਦਿਉ ਸਿਸਟਮ, ਨਾ ਰਹੇ ਕੋਈ ਖ਼ਰਾਬੀ
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ। ਪਾਰਟੀ ਆਗੂ ਭਗਵੰਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਸਮੇਤ ਹੋਰ ਮਹਾਨ ਸ਼ਹੀਦਾਂ ਦੀਆਂ ਯਾਦਾਂ ਸਾਂਭੀ ਬੈਠੇ ਪਿੰਡ ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ-ਨਵਾਂਸ਼ਹਿਰ) ਵਿਖੇ ਰਾਜ ਪਧਰੀ ਸਮਾਗਮ ਵਿਚ ਸਹੁੰ ਚੁਕ ਕੇ ਪੰਜਾਬ ਦੀ ਵਾਗਡੋਰ ਸੰਭਾਲ ਲਈ ਹੈ। ਇਸ ਦਿਨ ਦੀ ਆਸ ਸਿਰਫ ਪੰਜਾਬ 'ਚ ਵਸਦਿਆਂ ਨੂੰ ਨਹੀਂ ਸੀ, ਸਗੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਗੂੜਾ ਪਿਆਰ ਰੱਖਣ ਵਾਲੇ ਸਾਰੇ ਦੇਸ਼-ਵਿਦੇਸ਼ ਦੇ ਪੰਜਾਬੀ ਪ੍ਰਵਾਸੀਆਂ ਨੂੰ ਸੀ।
ਉਹ ਸਮਾਂ ਆ ਗਿਆ ਅਤੇ ਇਸ ਦੇ ਨਾਲ ਹੀ ਨਿਊਜ਼ੀਲੈਂਡ ਵਿਚ ਆਮ ਆਦਮੀ ਪਾਰਟੀ ਲਈ ਵੱਡਾ ਸਹਿਯੋਗ ਕਰਨ ਵਾਲਿਆਂ ਖ਼ਾਸ ਕਰ ਪੰਜਾਬ ਨੂੰ ਇਕ ਨਵੇਂ ਰੂਪ, ਹੋਰ ਹਸਦਾ-ਵਸਦਾ ਤੇ ਵਿਕਸਤ ਰੂਪ ਵਿਚ ਵੇਖਣ ਵਾਲੇ ਪਾਰਟੀ ਪੱਧਰ ਤੋਂ ਉਪਰ ਉਠ ਕੇ ਜਸ਼ਨਾਂ ਨੂੰ ਅੰਜ਼ਾਮ ਦੇ ਰਹੇ ਹਨ। 18 ਨਵੰਬਰ 2015 ਨੂੰ ਜਦੋਂ ਭਗਵੰਤ ਸਿੰਘ ਮਾਨ, ਸ. ਖੜਗ ਸਿੰਘ ਦੇ ਸੱਦੇ ਉਤੇ ਨਿਊਜ਼ੀਲੈਂਡ ਆਏ ਸਨ ਤਾਂ ਜਿਥੇ ਉਨ੍ਹਾਂ ਦਾ ਇਕ ਵੱਡਾ ਸ਼ੋਅ ਔਕਲੈਂਡ ਵਿਚ ਕਰਵਾਇਆ ਗਿਆ ਸੀ ਉਥੇ ਦੂਜਾ ਸਮਾਗਮ ਰਾਜੀਵ ਬਾਜਵਾ ਨੇ ਹਮਿਲਟਨ ਵਿਖੇ ਕਰਵਾਇਆ ਸੀ, ਜੋ ਕਿ ਸੋਲਡ ਆਊਟ ਰਿਹਾ ਅਤੇ ਪੰਜਾਬ ਲਈ ਇਹ ਸੁਪੋਰਟ ਸੀ।
Bhagwant Mann
ਖੜਗ ਸਿੰਘ ਨੇ ਕਿਹਾ ਕਿ ਇਹ ਜਸ਼ਨ ਸਮਾਗਮ ਸ਼ੁਕਰਵਾਰ ਸ਼ਾਮ ਨੂੰ ਵੀ ਰਖਿਆ ਗਿਆ ਹੈ ਅਤੇ ਪੰਜਾਬ ਨਾਲ ਜੁੜੇ ਹਮਦਰਦ ਲੋਕ ਇਸ ਮੌਕੇ ਪਾਰਟੀ ਪੱਧਰ ਤੋਂ ਹਟ ਕੇ ਇਕੱਤਰ ਹੋਣਗੇ ਅਤੇ ਪੰਜਾਬ ਸਰਕਾਰ ਨੂੰ ਸ਼ੁਭਕਾਮਨਾਵਾਂ ਦੇਣਗੇ, ਤਾਂ ਕਿ ਪੰਜਾਬ ਦੀ ਨੁਹਾਰ ਬਦਲ ਸਕੇ। ਮਾਲਵਾ ਕਲੱਬ ਨੇ ਦਿਤੀ ਜੀ ਪੰਜਾਬ ਦੀ ਚਾਬੀ : ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਇਸ ਮੌਕੇ ਵਿਸ਼ੇਸ਼ ਤੌਰ ਉਤੇ ਪੰਜਾਬ ਦੀ ਜ਼ਿੰਮੇਵਾਰੀ ਸੌਂਪਣ ਦੇ ਟੋਕਨ ਵਜੋਂ ਇਕ ਵੱਡ ਆਕਾਰੀ ਚਾਬੀ ਭੇਟ ਕੀਤੀ ਸੀ ਅਤੇ ਇਹ ਭਾਵਨਾ ਪ੍ਰਗਟ ਕੀਤੀ ਗਈ ਸੀ ਕਿ ਪੰਜਾਬ ਜੇਕਰ ਤੁਹਾਡੇ ਹੱਥਾਂ ਵਿਚ ਆਉਂਦਾ ਹੈ, ਤਾਂ ਸਾਨੂੰ ਕਿਸੇ ਬਦਲਾਅ, ਸੁਧਰੇ ਹੋਏ ਸਿਸਟਮ ਅਤੇ ਭਿ੍ਰਸ਼ਟਾਚਾਰ ਮੁਕਤ ਅਪਣੇ ਵਤਨ ਦੀ ਆਸ ਹੋਵੇਗੀ।
Bhagwant Mann
ਪ੍ਰਵਾਸੀ ਲੋਕ ਬੜੇ ਮਾਣ ਦੇ ਨਾਲ ਅਪਣੇ ਪੰਜਾਬ ਨੂੰ ਵਿਕਸਤ ਸੂਬਿਆਂ ਦੀ ਤਰਜ਼ ਉਤੇ ਵਧਦਾ-ਫੁਲਦਾ ਵੇਖਣਾ ਲੋਚਦੇ ਹਨ। ਮਾਲਵਾ ਕਲੱਬ ਦੀ 7 ਸਾਲ ਪਹਿਲਾਂ ਦੀ ਭਾਵਨਾ ਨੂੰ ਅੱਜ ਆਰੰਭ ਹੁੰਦਾ ਵੇਖਿਆ ਜਾ ਸਕਦਾ ਹੈ ਅਤੇ ਆਸ ਹੈ ਕਿ ਉਹ ਉਮੀਦਾਂ ਉਤੇ ਖਰੇ ਉਤਰਨਗੇ।
ਸੋ ਨਿਊਜ਼ੀਲੈਂਡ ਵਾਲਿਆਂ ਨੂੰ ਨਵੇਂ ਪੰਜਾਬ ਦੀ ਕਿਤੇ ਨਾ ਕਿਤੇ ਆਸ ਹੈ ਅਤੇ ਇੰਝ ਲਗਦਾ ਜਿਵੇਂ ਉਹ ਕਹਿ ਰਹੇ ਹੋਣ:-
ਕਦੇ ਕੀਤਾ ਸੀ ਹਾਕਾ-ਦਿਤੀ ਸੀ ਪੰਜਾਬ ਦੀ ਚਾਬੀ
ਮੌਕਾ ਏ ਬਦਲ ਦਿਉ ਸਿਸਟਮ, ਨਾ ਰਹੇ ਕੋਈ ਖ਼ਰਾਬੀ